ਕਈ ਰਜਬਾਹੇ ਪੰਜਾਬ ਸਰਕਾਰ ਦੀਆਂ ਨਜ਼ਰਾਂ ’ਚੋਂ ਗਾਇਬ : ਢਿੱਲੋਂ
ਅਪਰਬਾਰੀ ਦੁਆਬ ਨਹਿਰ ਵਿੱਚੋਂ ਬਾਸਰਕੇ ਮਾਈਨਰ ਸਮੇਤ ਵੱਖ-ਵੱਖ ਰਜਬਾਹੇ ਪੰਜਾਬ ਸਰਕਾਰ ਦੀਆਂ ਨਜ਼ਰਾਂ ਵਿੱਚੋਂ ਗਾਇਬ - ਢਿੱਲੋਂ
Publish Date: Wed, 22 Apr 2026 04:31 PM (IST)
Updated Date: Wed, 22 Apr 2026 04:34 PM (IST)
ਕਾਰਜ ਸਿੰਘ ਬਿੱਟੂ•, ਪੰਜਾਬੀ ਜਾਗਰਣ
ਸੁਰਸਿੰਘ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਟੇਲਾਂ ਤਕ ਪਾਣੀ ਦੇਣ ਦੇ ਉਪਰਾਲੇ ਨਾਲ ਪੂਰੇ ਪੰਜਾਬ ਵਿਚ ਜੰਗੀ ਪੱਧਰ ’ਤੇ ਕੰਮ ਚੱਲ ਰਹੇ ਹਨ। ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਵਿਧਾਨ ਸਭਾ ਹਲਕਾ ਖੇਮਕਰਨ ਦੇ ਹਲਾਤ ਕੁਝ ਹੋਰ ਹੀ ਹਨ। ਇਹ ਪ੍ਰਗਟਾਵਾ ‘ਆਪ’ ਆਗੂ ਸੁਖਦੇਵ ਸਿੰਘ ਢਿੱਲੋਂ ਨੇ ਕਰਦਿਆਂ ਕਿਹਾ ਕਿ 1996 ’ਚ ਗੁਰਚੇਤ ਸਿੰਘ ਭੁੱਲਰ ਮੰਤਰੀ ਸਨ। ਉਸ ਵੇਲੇ ਬਾਸਰਕੇ ਮਾਈਨਰ ਨੂੰ ਪੱਕਾ ਕਰਨ ਲਈ ਜੋ ਠੇਕੇਦਾਰ ਨਾਲ ਇਕਰਾਰਨਾਮਾ ਹੋਇਆ, ਉਹ ਇਹ ਸੀ ਕਿ ਜੋ ਸੂਆ ਪੱਕਾ ਕਰਨਾ ਹੈ, ਉਸ ਦਾ ਲੈਵਲ ਜ਼ਮੀਨ ਦੇ ਤਲ ਤੋਂ ਉੱਪਰ ਹੋਵੇ, ਪਰ ਠੇਕੇਦਾਰ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਪੱਕਾ ਕਰ ਦਿੱਤਾ ਕਿਉਂਕਿ ਅੱਗੇ 1997 ਦੀ ਵਿਧਾਨ ਸਭਾ ਚੋਣਾਂ ਆ ਰਹੀਆਂ ਸਨ। ਜਿਸ ਕਰ ਕੇ ਉਨ੍ਹਾਂ ਨੂੰ ਜਲਦੀ ਕੰਮ ਖ਼ਤਮ ਕਰਨਾ ਚਾਹੀਆ ਪਰ ਇਸ ਦਾ ਫਾਇਦਾ ਨਾ ਟੇਲਾਂ ਵਾਲਿਆਂ ਨੂੰ ਹੋਇਆ ਅਤੇ ਨਾ ਮੁੱਢ ਵਾਲਿਆਂ ਨੂੰ। ਉਨ੍ਹਾਂ ਦੱਸਿਆ ਕਿ ਸਾਰਾ ਪਾਣੀ ਮੋਘਿਆਂ ਵਿਚ ਚੜ੍ਹਨ ਦੀ ਬਜਾਏ ਥੱਲੇ-ਥੱਲੇ ਅੱਗੇ ਚਲਾ ਜਾਂਦਾ ਹੈ। ਜਿਸ ਕਰ ਕੇ ਸੀਜਨ ਦੌਰਾਨ ਸੂਆ ਡਿਫੈਂਸ ਡਰੇਨ ਵਿਚ ਰੁੜ ਜਾਂਦਾ ਹੈ।
ਉਦਾਹਰਨ ਵਜੋਂ ਧੁੰਨਾਂ ਵਾਲੇ ਪੁਲ ਤੋਂ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਪੁਲ ਤੋਂ 3 ਫੁੱਟ ਤਕ ਲੈਵਲ ਦਾ ਫ਼ਰਕ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਬਾਸਰਕੇ ਮਾਈਨਰ ਜਲਦੀ ਤੋਂ ਜਲਦੀ ਲੈਵਲ ਕੱਢ ਕੇ ਪੱਕਾ ਕੀਤੀ ਜਾਵੇ ਤੇ ਮੋਘਿਆਂ ਦੀ ਸਮੱਰਥਾ ਵੀ ਵਧਾਈ ਜਾਵੇ। ਇਕ ਪੁਲ ਜਾਂ ਦੂਜੇ ਪੁਲ ‘ਤੇ ਠੋਕਰ ਲਾਈ ਜਾਵੇ, ਤਾਂ ਜੋ ਪਾਣੀ ਖ਼ਰਾਬ ਹੋਣ ਦੀ ਥਾਂ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਪਵੇ। ਇਸ ਮੌਕੇ ਰਛਪਾਲ ਸਿੰਘ, ਮਹਿੰਦਰ ਸਿੰਘ, ਮੇਜਰ ਸਿੰਘ, ਸੁਖਵਿੰਦਰ ਸਿੰਘ, ਪ੍ਰਗਟ ਸਿੰਘ, ਗੁਰਬਚਨ ਸਿੰਘ ਆਦਿ ਹਾਜਰ ਸਨ।