ਗੁਰਅੰਸ ਸਿੰਘ ਨੇ 10ਵੀਂ ’ਚ ਦੇਸ਼ ’ਚੋਂ ਹਾਸਲ ਕੀਤਾ ਤੀਜਾ ਸਥਾਨ
ਕੱਦ ਗਿੱਲ ਦੇ ਗੁਰਅੰਸ ਸਿੰਘ ਨੇ ਦਸਵੀਂ ’ਚ ਦੇਸ਼ ’ਚੋਂ ਹਾਸਲ ਕੀਤਾ ਤੀਜਾ ਸਥਾਨ
Publish Date: Tue, 21 Apr 2026 06:52 PM (IST)
Updated Date: Wed, 22 Apr 2026 04:10 AM (IST)

ਪਿੰਡ ਦੇ ਸਰਪੰਚ ਸਿਮਰਜੀਤ ਸਿੰਘ ਨੇ ਪੰਚਾਇਤ ਸਣੇ ਕੀਤਾ ਸਨਮਾਨਿਤ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਸੀਬੀਐੱਸਈ 10ਵੀਂ ਜਮਾਤ ਦੇ ਨਤੀਜਿਆਂ ਵਿਚ ਪਿੰਡ ਕੱਦਗਿੱਲ ਦੇ ਵਾਸੀ ਹੋਣਹਾਰ ਵਿਦਿਆਰਥੀ ਗੁਰਅੰਸ ਸਿੰਘ ਨੇ 99.6 ਫੀਸਦੀ ਅੰਕ ਪ੍ਰਾਪਤ ਕਰ ਕੇ ਦੇਸ਼ ਭਰ ’ਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਉਪਲੱਬਧੀ ਨਾਲ ਪਿੰਡ ਦਾ ਨਾਂ ਦੇਸ਼ ਪੱਧਰ ‘ਤੇ ਚਮਕਿਆ ਹੈ। ਇਸ ਮਾਣ ਵਾਲੇ ਮੌਕੇ ‘ਤੇ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਨੌਜਵਾਨ ਸਰਪੰਚ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਗੁਰਅੰਸ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਪਿਤਾ ਰਾਜਕੁਮਾਰ ਸਿੰਘ ਨੂੰ ਵੀ ਇਸ ਕਾਮਯਾਬੀ ਲਈ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਗਿਆ। ਸਰਪੰਚ ਸਿਮਰਜੀਤ ਸਿੰਘ ਨੇ ਕਿਹਾ ਕਿ ਗੁਰਅੰਸ ਸਿੰਘ ਦੀ ਇਹ ਕਾਮਯਾਬੀ ਪਿੰਡ ਦੇ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਬਣੇਗੀ। ਉਨ੍ਹਾਂ ਦੱਸਿਆ ਕਿ ਜੋ ਵੀ ਵਿਦਿਆਰਥੀ ਪੜ੍ਹਾਈ ਜਾਂ ਹੋਰ ਖੇਤਰਾਂ ਵਿਚ ਚੰਗਾ ਪ੍ਰਦਰਸ਼ਨ ਕਰੇਗਾ, ਪੰਚਾਇਤ ਉਸਦੀ ਪੂਰੀ ਮਦਦ ਕਰੇਗੀ। ਪਿੰਡ ਵਾਸੀਆਂ ਵਿਚ ਇਸ ਉਪਲੱਬਧੀ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ ਅਤੇ ਨੌਜਵਾਨਾਂ ਵਿਚ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਰਾਜਕੁਮਾਰ ਸਿੰਘ ਨੇ ਕਿਹਾ ਕਿ ਅੱਜ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਹੋਣਹਾਰ ਸਪੁੱਤਰ ਵੱਲੋਂ ਆਪਣੇ ਇਲਾਕੇ ਤੇ ਪਿੰਡ ਦਾ ਨਾਂ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਗਟ ਸਿੰਘ, ਸ਼ੀਤਲ ਸਿੰਘ, ਕੇਵਲ ਸਿੰਘ ਵਪਾਰੀ, ਇਕਬਾਲ ਸਿੰਘ ਬਾਲੀ, ਗੁਰਮੁੱਖ ਸਿੰਘ, ਗੁਰਵਿੰਦਰ ਸਿੰਘ ਗੋਰਾ, ਹਰਮਨਦੀਪ ਸਿੰਘ, ਸਰਵਣ ਸਿੰਘ,ਸਾਬਕਾ ਸਰਪੰਚ ਸਵਿੰਦਰ ਸਿੰਘ, ਬਲਕਾਰ ਸਿੰਘ, ਰਣਜੀਤ ਸਿੰਘ, ਜੁਗਰਾਜ ਸਿੰਘ, ਕੈਪਟਨ ਸਿੰਘ, ਪਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ।