ਖਾਲੜਾ ’ਚ ਫੂਡ ਸੇਫਟੀ ਟੀਮ ਨੇ ਕੀਤਾ ਲੋਕਾਂ ਨੂੰ ਜਾਗਰੂਕ
ਸਰਹੱਦੀ ਪਿੰਡ ਖਾਲੜਾ ’ਚ ਫੂਡ ਸੇਫਟੀ ਟੀਮ ਨੇ ਕੀਤਾ ਲੋਕਾਂ ਨੂੰ ਜਾਗਰੂਕ
Publish Date: Tue, 21 Apr 2026 06:39 PM (IST)
Updated Date: Wed, 22 Apr 2026 04:07 AM (IST)

ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ, ਖਾਲੜਾ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹਾ ਸਿਹਤ ਅਫਸਰ ਸੁਖਬੀਰ ਕੌਰ ਅਤੇ ਫੂਡ ਸੇਫਟੀ ਅਫ਼ਸਰ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਗੁਰੂਦਵਾਰਾ ਬਾਬਾ ਜੀਵਨ ਸਿੰਘ ਜੀ ਪਿੰਡ ਖਾਲੜਾ ਵਿਖੇ ਰਜਿਸਟ੍ਰੇਸ਼ਨ ਤੇ ਲਾਇਸੈਂਸ ਬਣਾਉਣ ਲਈ ਵਿਸ਼ੇਸ਼ ਕੈਂਪ ਲਾਇਆ ਗਿਆ, ਜਿਸ ’ਚ ਕਸਬਾ ਖਾਲੜਾ ਨਾਲ ਲੱਗਦੇ ਲੱਗਭਗ 8 ਪਿੰਡਾਂ ਦੇ ਦੁਕਾਨਦਾਰਾਂ ਵੱਲੋਂ ਉਤਸ਼ਾਹਪੂਰਵਕ ਹਿੱਸਾ ਲਿਆ ਗਿਆ। ਇਸ ਮੌਕੇ ਜਿਹੜੇ ਦੁਕਾਨਦਾਰ ਮਨੁੱਖੀ ਖਾਣ-ਪੀਣ ਦੀਆਂ ਵਸਤੂਆਂ ਵੇਚਣ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਮਹਿਕਮੇ ਦੇ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਹੀ ਉਨ੍ਹਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਤੇ ਨਵੇਂ ਲਾਇਸੈਂਸ ਬਣਾਏ ਗਏ। ਇਸ ਮੌਕੇ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਨੇ ਦੁਕਾਨਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕੋਈ ਵੀ ਮਿਆਦ ਪੁਗਾ ਚੁੱਕੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਨਾ ਵੇਚਣ, ਸਗੋਂ ਅਜਿਹੀਆਂ ਵਸਤੂਆਂ ਨੂੰ ਤੁਰੰਤ ਨਸ਼ਟ ਕਰਨ ਤਾਂ ਜੋ ਕਿਸੇ ਵੀ ਵਿਅਕਤੀ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਮਿਆਦ ਪੁੱਗ ਚੁੱਕੀਆਂ ਵਸਤੂਆਂ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਨਿਯਮਾਂ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਕੈਂਪ ਦੌਰਾਨ ਲਗਭਗ 30 ਨਵੇਂ ਲਾਇਸੈਂਸ ਅਪਲਾਈ ਕੀਤੇ ਗਏ ਹਨ। ਸੁਖਬੀਰ ਕੌਰ ਨੇ ਕਿਹਾ ਕਿ ਮਨੁੱਖੀ ਖਾਣ ਪੀਣ ਵਾਲੀਆਂ ਵਸਤੂਆਂ ਦੇ ਵੱਖ-ਵੱਖ ਸਮੇਂ ਅਨੁਸਾਰ ਸਾਡੀ ਟੀਮ ਵਲੋਂ ਚੈਕਿੰਗ ਕਰ ਕੇ ਸੈਂਪਲ ਟੈਸਟਿੰਗ ਲਈ ਭੇਜੇ ਜਾਂਦੇ ਹਨ ।ਜਿਹੜੇ ਸੈਂਪਲ ਪੂਰੀ ਮਿਕਦਾਰ ਜਾਂ ਮਾਪਦੰਡ ਵਿਚ ਪੂਰੇ ਨਹੀਂ ਹੁੰਦੇ ਉਨ੍ਹਾਂ ਦੁਕਾਨਦਾਰਾਂ ਜਾਂ ਫੇਲ ਸੈਂਪਲਾਂ ਦੇ ਮਾਲਕਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਅਖੀਰ ਵਿਚ ਉਨ੍ਹਾਂ ਨੇ ਸਿਹਤ ਵਿਭਾਗ ਦੀ ਵੈਨ ਰਾਹੀਂ ਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਵਸਤੂਆਂ ਸੰਬਧੀ ਜਾਗਰੂਕ ਕਰਦਿਆਂ ਉਸਦੀ ਟੈਸਟਿੰਗ ਅਤੇ ਟ੍ਰੇਨਿੰਗ ਸਬੰਧੀ ਜਾਣਕਾਰੀ ਵੀ ਦਿੱਤੀ।