ਪੰਜਾਬ ਸਰਕਾਰ ਨੇ ਨਗਰ ਕੌਂਸਲ ਪੱਟੀ ਲਈ ਜਾਰੀ ਕੀਤੀ ਰਿਜ਼ਰਵੇਸ਼ਨ ਸੂਚੀ
ਪੰਜਾਬ ਸਰਕਾਰ ਨੇ ਨਗਰ ਕੌਂਸਲ ਪੱਟੀ ਲਈ ਜਾਰੀ ਕੀਤੀ ਰਿਜ਼ਰਵੇਸ਼ਨ ਸੂਚੀ
Publish Date: Tue, 21 Apr 2026 06:35 PM (IST)
Updated Date: Wed, 22 Apr 2026 04:07 AM (IST)

ਨਗਰ ਕੌਂਸਲ ਚੋਣਾਂ ਦਾ ਬਿਗਲ ਵੱਜਿਆ....... ਨਗਰ ਕੌਂਸਲਾਂ ਭੰਗ ਕਰਨ ਦੇ ਸ਼ਡਿਊਲ ਤੋਂ ਬਾਅਦ ਸ਼ਹਿਰ ’ਚ ਚਰਚਾਵਾਂ ਤੇਜ਼ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ ਪੰਜਾਬ ਸਰਕਾਰ ਵੱਲੋਂ ਮਿਊਂਸਪਲ ਕੌਂਸਲਾਂ ਨੂੰ ਭੰਗ ਕਰਨ ਸਬੰਧੀ ਸ਼ਡਿਊਲ ਜਾਰੀ ਹੋਣ ਤੋਂ ਬਾਅਦ ਨਗਰ ਕੌਂਸਲ ਪੱਟੀ ਲਈ ਵਾਰਡ ਬੰਦੀ ਅਤੇ ਸੀਟਾਂ ਦੀ ਰਿਜ਼ਰਵੇਸ਼ਨ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਿਸ ਨਾਲ ਇਲਾਕੇ ਵਿਚ ਰਾਜਨੀਤਕ ਹਲਚਲ ਵੀ ਤੇਜ਼ ਹੋ ਗਈ ਹੈ। ਪੁਰਾਣੇ ਕੌਂਸਲਰਾਂ ਦੇ ਨਾਲ-ਨਾਲ ਨਵੇਂ ਚਿਹਰੇ ਵੀ ਆਪਣੀ ਪਹੁੰਚ ਮਜ਼ਬੂਤ ਕਰਨ ਲਈ ਮੈਦਾਨ ਵਿਚ ਉੱਤਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੱਟੀ ਸ਼ਹਿਰ ’ਚ ਨਗਰ ਕੌਂਸਲ ਦੀਆਂ ਆਖਰੀ ਚੋਣਾਂ 14 ਫਰਵਰੀ 2021 ਨੂੰ ਹੋਈਆਂ ਸਨ, ਜਿਨ੍ਹਾਂ ਵਿਚ ਕੁੱਲ 19 ਵਾਰਡਾਂ ਵਿੱਚੋਂ 15 ਸੀਟਾਂ ਕਾਂਗਰਸ ਨੇ ਜਿੱਤੀਆਂ ਸਨ, ਜਦੋਂਕਿ 2 ਸੀਟਾਂ ਸ੍ਰੋਮਣੀ ਅਕਾਲੀ ਦਲ ਅਤੇ 2 ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ ਵਿਚ ਗਈਆਂ। 7 ਅਪ੍ਰੈਲ 2021 ਨੂੰ ਹੋਏ ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਦਲਬੀਰ ਸਿੰਘ ਸੇਖੋਂ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਸੀ। ਉਸ ਸਮੇਂ ਬਣੀ ਨਗਰ ਕੌਂਸਲ ਵਿਚ ਕਈ ਨਵੇਂ ਚਿਹਰੇ ਸ਼ਾਮਿਲ ਸਨ, ਜਿਸ ਨਾਲ ਸ਼ਹਿਰ ਦੀ ਸਿਆਸਤ ’ਚ ਨਵਾਂ ਰੁਝਾਨ ਦੇਖਣ ਨੂੰ ਮਿਲਿਆ ਸੀ। ਪਰ ਸਾਲ 2022 ਵਿਚ ਸਰਕਾਰ ਬਦਲਣ ਤੋਂ ਬਾਅਦ ਸਿਆਸੀ ਸਮੀਕਰਨ ਬਦਲ ਗਏ। ਕਾਂਗਰਸ ਨਾਲ ਸਬੰਧਤ ਕਈ ਕੌਂਸਲਰ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ, ਜਿਸ ਨਾਲ ਨਗਰ ਕੌਂਸਲ ਦੀ ਕਮਾਨ ਵੀ ਆਪ ਦੇ ਹੱਥ ਆ ਗਈ ਅਤੇ ਬੀਬੀ ਲਖਬੀਰ ਕੌਰ ਭੁੱਲਰ ਨੂੰ ਨਵਾਂ ਪ੍ਰਧਾਨ ਚੁਣ ਲਿਆ ਗਿਆ। ਮੌਜੂਦਾ ਸਮੇਂ ਵਿਚ ਨਗਰ ਕੌਂਸਲ ਪੱਟੀ ਭੰਗ ਕੀਤੀ ਜਾ ਚੁੱਕੀ ਹੈ ਅਤੇ ਇਸਦਾ ਵਾਧੂ ਚਾਰਜ ਐੱਸਡੀਐੱਮ ਪੱਟੀ ਕੋਲ ਹੈ। ਇਸ ਨਾਲ ਹੀ ਨਵੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਵਿੱਚ ਵਾਧਾ ਹੋ ਗਿਆ ਹੈ। ਬਾਕਸ- ਇਨ੍ਹਾਂ ਵਾਰਡਾਂ ਦੀ ਰਿਜਰਵੇਸ਼ਨ ਸਬੰਧੀ ਜਾਰੀ ਹੋਇਆ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਵੇਰਵਿਆਂ ਅਨੁਸਾਰ ਪੱਟੀ ਨਗਰ ਕੌਂਸਲ ’ਚ ਕੁੱਲ 19 ਵਾਰਡ ਹਨ। ਇਨ੍ਹਾਂ ਵਿੱਚੋਂ ਸ਼ਡਿਊਲ ਕਾਸਟ ਵਰਗ ਲਈ ਵਾਰਡ ਨੰਬਰ 2, 12 ਅਤੇ 14 ਰਾਖਵੇਂ ਕੀਤੇ ਗਏ ਹਨ। ਜਨਰਲ ਵਰਗ ਲਈ ਵਾਰਡ ਨੰਬਰ 4, 8, 10, 16, 17 ਅਤੇ 18 ਨਿਰਧਾਰਤ ਕੀਤੇ ਗਏ ਹਨ, ਜਦੋਂਕਿ ਬੈਕਵਰਡ ਕਲਾਸ ਲਈ ਵਾਰਡ ਨੰਬਰ 6 ਰਾਖਵਾਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਹਿਲਾਵਾਂ ਲਈ ਵੀ ਵੱਖ-ਵੱਖ ਸ਼੍ਰੇਣੀਆਂ ਵਿਚ ਰਿਜ਼ਰਵੇਸ਼ਨ ਲਾਗੂ ਕੀਤੀ ਗਈ ਹੈ। ਸ਼ਡਿਊਲ ਕਾਸਟ ਮਹਿਲਾਵਾਂ ਲਈ ਵਾਰਡ ਨੰਬਰ 1 ਅਤੇ 19 ਰਾਖਵੇਂ ਕੀਤੇ ਗਏ ਹਨ, ਜਦੋਂਕਿ ਜਨਰਲ ਔਰਤਾਂ ਲਈ ਵਾਰਡ ਨੰਬਰ 3, 5, 7, 9, 11, 13 ਅਤੇ 15 ਨਿਰਧਾਰਤ ਕੀਤੇ ਗਏ ਹਨ। ਇਹ ਰਿਜ਼ਰਵੇਸ਼ਨ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਉਮੀਦਵਾਰਾਂ ਦੀ ਚੋਣ ’ਤੇ ਸਿੱਧਾ ਅਸਰ ਪਾਏਗੀ। ਸਰਕਾਰ ਵੱਲੋਂ ਨੋਟੀਫਿਕੇਸ਼ਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਸਾਰੀਆਂ ਸਬੰਧਤ ਨੋਟੀਫਿਕੇਸ਼ਨਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਮੰਨਿਆ ਜਾਵੇਗਾ। ਇਸ ਨਾਲ ਨਵੀਂ ਵਾਰਡਬੰਦੀ ਨੂੰ ਹੀ ਅਧਿਕਾਰਿਕ ਤੌਰ ’ਤੇ ਲਾਗੂ ਕੀਤਾ ਜਾਵੇਗਾ। ਸ਼ਹਿਰ ਅੰਦਰ ਇਸ ਐਲਾਨ ਤੋਂ ਬਾਅਦ ਚਰਚਾ ਦਾ ਮਾਹੌਲ ਬਣ ਗਿਆ ਹੈ ਅਤੇ ਸੰਭਾਵਨਾ ਹੈ ਕਿ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਆਪਣੀ ਰਣਨੀਤੀ ਨੂੰ ਨਵੀਂ ਰਿਜ਼ਰਵੇਸ਼ਨ ਅਨੁਸਾਰ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ਬਾਕਸ- ਕਿਸਮਤ ਅਜ਼ਮਾਉਣ ਲਈ ਨਵੇਂ ਚਿਹਰਿਆਂ ਨੇ ਵਧਾਈ ਸਰਗਰਮੀ ਸ਼ਹਿਰ ਵਿਚ ਇਸ ਵਾਰ ਕਈ ਨਵੇਂ ਚਿਹਰੇ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਤਿਆਰ ਦਿਖਾਈ ਦੇ ਰਹੇ ਹਨ। ਨੌਜਵਾਨ ਵਰਗ ਵੀ ਖਾਸ ਤੌਰ ’ਤੇ ਰਾਜਨੀਤੀ ਵਿਚ ਰੁਚੀ ਲੈ ਰਿਹਾ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਯੂਥ ਵਿੰਗ ਘਰ-ਘਰ ਜਾ ਕੇ ਲੋਕਾਂ ਆਪਣਾ ਰਾਬਤਾ ਬਣਾਉਣ ’ਚ ਜੁਟ ਗਏ ਹਨ। ਰਾਜਨੀਤਿਕ ਵਿਸ਼ਲੇਸ਼ਕਾਂ ਦੇ ਅਨੁਸਾਰ ਇਸ ਵਾਰ ਵੀ ਮੁੱਖ ਟੱਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੀ ਹੋਣ ਦੀ ਸੰਭਾਵਨਾ ਹੈ, ਜਿਵੇਂ ਕਿ ਪਿਛਲੀਆਂ ਸਥਾਨਕ ਅਤੇ ਪੰਚਾਇਤੀ ਚੋਣਾਂ ਵਿਚ ਦੇਖਿਆ ਗਿਆ ਸੀ। ਹਾਲਾਂਕਿ ਸ਼੍ਰੋੋਮਣੀ ਅਕਾਲੀ ਦਲ ਅਤੇ ਭਾਜਪਾ ਵੀ ਆਪਣੀ ਮੌਜੂਦਗੀ ਦਰਜ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਬਾਕਸ- ਨਗਰ ਕੌਂਸਲ ਵੱਲੋਂ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਿਰਿਆ ਸ਼ੁਰੂ : ਕਾਰਜਸਾਧਕ ਅਫਸਰ ਨਗਰ ਕੌਂਸਲ ਪੱਟੀ ਦੇ ਕਾਰਜ ਸਾਧਕ ਅਫਸਰ ਧਰਮ ਸਿੰਘ ਨੇ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਿਰਿਆ 15 ਅਪ੍ਰੈਲ ਤੋਂ ਅਧਿਕਾਰਿਤਤੌਰ ‘ਤੇ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 17 ਅਪ੍ਰੈਲ ਤੋਂ 23 ਅਪ੍ਰੈਲ ਤਕ ਇਨ੍ਹਾਂ ਵੋਟਰ ਸੂਚੀਆਂ ਸਬੰਧੀ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾ ਰਹੇ ਹਨ। ਇਸ ਦੌਰਾਨ ਨਾਗਰਿਕ ਆਪਣਾ ਨਾਮ ਸ਼ਾਮਲ ਕਰਵਾਉਣ, ਕਟਵਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਗਲਤੀ ਸਧਾਰਨ ਲਈ ਅਰਜ਼ੀਆਂ ਦੇ ਸਕਦੇ ਹਨ। 30 ਅਪ੍ਰੈਲ ਨੂੰ ਪ੍ਰਾਪਤ ਹੋਏ ਸਾਰੇ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਕੀਤਾ ਜਾਵੇਗਾ। ਇਸ ਪ੍ਰਕਿਰਿਆ ਤੋਂ ਬਾਅਦ 5 ਮਈ ਨੂੰ ਵੋਟਰ ਸੂਚੀ ਦੀ ਫਾਈਨਲ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵੋਟਰ ਸੂਚੀਆਂ ਆਮ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਕ ਵੈੱਬਸਾਈਟ ਅਤੇ ਨਗਰ ਕੌਂਸਲ ਦਫ਼ਤਰ ਪੱਟੀ ਵਿਚ ਉਪਲੱਬਧ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੋਟਰ ਸੂਚੀ ਵਿਚ ਆਪਣਾ ਨਾਮ ਜ਼ਰੂਰ ਚੈੱਕ ਕਰਨ ਅਤੇ ਜੇ ਕੋਈ ਤ੍ਰੁੱਟੀ ਹੋਵੇ ਤਾਂ ਦਿੱਤੀ ਤੈਅ ਸਮੇਂ ’ਚ ਉਸ ਦੀ ਸੋਧ ਕਰਵਾਉਣ।