ਬਿਮਾਰੀਆਂ ਦਾ ਕਾਰਨ ਬਣ ਸਕਦੈ ਕਸੂਰ ਨਾਲਾ, ਗੰਦੇ ਪਾਣੀ ਤੋਂ ਉੱਠਦੀ ਬਦਬੂ ਤੋਂ ਲੋਕ ਤੰਗ
ਬਿਮਾਰੀਆਂ ਦਾ ਕਾਰਨ ਬਣ ਸਕਦੈ ਕਸੂਰ ਨਾਲਾ, ਗੰਦੇ ਪਾਣੀ ਤੋਂ ਉੱਠਦੀ ਬਦਬੂ ਤੋਂ ਲੋਕ ਤੰਗ
Publish Date: Tue, 21 Apr 2026 05:22 PM (IST)
Updated Date: Wed, 22 Apr 2026 04:02 AM (IST)

ਸਮਾਜ-ਸੇਵੀਆਂ ਵੱਲੋਂ ਚੁੱਕੀ ਜਾਂਦੀ ਰਹੀ ਹੈ ਆਵਾਜ਼, ਵਿਧਾਨ ਸਭਾ ’ਚ ਵੀ ਉੱਠਿਆ ਸੀ ਮੁੱਦਾ ਤਰਨਤਾਰਨ ਇਲਾਕੇ ’ਚ ਕਈ ਵਾਰ ਹੜ੍ਹਾਂ ਦਾ ਕਾਰਨ ਬਣ ਚੁੱਕਾ ਹੈ ਇਹ ਬਰਸਾਤੀ ਨਾਲਾ ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਸ਼ਹਿਰ ’ਚੋਂ ਵਿਚ ਲੰਘਦਾ ਕਸੂਰ ਨਾਲਾ, ਜਿਸ ਨੂੰ ਰੋਹੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਲੰਮੇ ਸਮੇਂ ਤੋਂ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਇਸ ਦੀ ਕਈ ਚਿਰਾਂ ਤੋਂ ਸਾਫ਼-ਸਫਾਈ ਨਾ ਹੋਣ ਕਾਰਨ ਕਸੂਰ ਨਾਲੇ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਜਿੱਥੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਇਸ ’ਚ ਪਈ ਗੰਦਗੀ ਤੇ ਕਲਾਲੀ ਬੂਟੀ ਕਾਰਨ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹਨ ਪਰ ਇਸ ਦੀ ਸਾਫ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਕਤ ਨਾਲੇ ਦੀ ਸਫਾਈ ਦਾ ਮੁੱਦਾ ਤਰਨਤਾਰਨ ਸ਼ਹਿਰ ਦੀਆਂ ਸੜਕਾਂ ਤੋਂ ਲੈ ਕੇ ਵਿਧਾਨ ਸਭਾ ’ਚ ਵੀ ਉੱਠ ਚੁੱਕਾ ਹੈ, ਕਿਉਂਕਿ ਸਫਾਈ ਨਾ ਹੋਣ ਕਰ ਕੇ ਇਹ ਨਾਲਾ ਕਈ ਵਾਰ ਤਰਨਤਾਰਨ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਹੜ੍ਹਾਂ ਦਾ ਕਾਰਨ ਬਣ ਚੁੱਕਾ ਹੈ ਤੇ ਹੁਣ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਦੇ ਚੱਲਦਿਆਂ ਲੋਕਾਂ ਅੰਦਰ ਇਕ ਵਾਰ ਫਿਰ ਚਿੰਤਾ ਬਣ ਗਈ ਹੈ। ਦੱਸ ਦਈਏ ਕਿ ਇਹ ਕਸੂਰ ਨਾਲਾ ਗੁਰਦਾਸਪੁਰ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਬਟਾਲਾ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਪਿੰਡਾਂ ’ਚੋਂ ਹੁੰਦਾ ਹੋਇਆ ਤਰਨਤਾਰਨ ਜ਼ਿਲ੍ਹੇ ’ਚੋਂ ਲੰਘ ਕੇ ਪਾਕਿਸਤਾਨ ਦੇ ਸ਼ਹਿਰ ਕਸੂਰ ਵੱਲ ਜਾਂਦਾ ਹੈ, ਜਿਸ ਦੇ ਚੱਲਦਿਆਂ ਇਸ ਨੂੰ ਕਸੂਰ ਨਾਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਦੋਂ ਪੰਜਾਬ ’ਚ ਭਾਰੀ ਬਾਰਿਸ਼ ਹੁੰਦੀ ਹੈ ਤੇ ਦਰਿਆ ਆਪੇ ਤੋਂ ਬਾਹਰ ਹੋ ਜਾਂਦੇ ਹਨ ਤਾਂ ਇਹ ਬਰਸਾਤੀ ਨਾਲਾ ਵੀ ਉਫਾਨ ’ਤੇ ਪਹੁੰਚ ਜਾਂਦਾ ਹੈ ਤੇ ਸਫਾਈ ਦੀ ਘਾਟ ਪਾਣੀ ਦੇ ਰਸਤੇ ’ਚ ਰੁਕਾਵਟ ਬਣਨ ਕਾਰਨ ਇਸੇ ਕਿਨਾਰੇ ਕਈ ਥਾਵਾਂ ਤੋਂ ਟੁੱਟ ਜਾਂਦੇ ਹਨ, ਜਿਸ ਕਰ ਕੇ ਨਾਲੇ ਦੇ ਨਾਲ ਲੱਗਦੀਆਂ ਦੀਆਂ ਜ਼ਮੀਨਾਂ ’ਚ ਪਾਣੀ ਆ ਜਾਣ ਕਾਰਨ ਹਰ ਸਾਲ ਫਸਲਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਇਕ ਪਾਸੇ ਜਿੱਥੇ ਇਹ ਨਾਲਾ ਕਈ ਪਿੰਡਾਂ ’ਚ ਸਿਰਦਰਦੀ ਬਣਦਾ ਹੈ। ਉਥੇ ਹੀ ਤਰਨਤਾਰਨ ਸ਼ਹਿਰ ਵਿੱਚੋਂ ਲੰਘਦੇ ਇਸ ਨਾਲੇ ਦੇ ਕਿਨਾਰਿਆਂ ’ਤੇ ਅੱਧਾ ਦਰਜਨ ਦੇ ਕਰੀਬ ਵਾਰਡਾਂ ਦੇ ਹਜ਼ਾਰਾਂ ਲੋਕ ਵਸਦੇ ਹਨ। ਇਸ ਨਾਲੇ ਦੇ ਕੰਢੇ ਹੀ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ, ਪ੍ਰਾਈਵੇਟ ਕਲੀਨਿਕ, ਸਰਕਾਰੀ ਤੇ ਨਿੱਜੀ ਸਕੂਲਾਂ ਤੋਂ ਇਲਾਵਾ ਧਾਰਮਿਕ ਅਸਥਾਨ ਤੇ ਦੁਕਾਨਾਂ ਆਦਿ ਵੀ ਮੌਜੂਦ ਹਨ। ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਦਾ ਰਸਤਾ ਵੀ ਇਸ ਕਸੂਰ ਨਾਲੇ ਦੇ ਨਾਲ ਲੱਗਦਾ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ’ਚ ਸੰਗਤ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਨਤਮਸਤਕ ਹੋਣ ਲਈ ਆਉਂਦੀ ਹੈ ਪਰ ਕਸੂਰ ਨਾਲੇ ’ਚ ਪਈ ਗੰਦਗੀ ਕਾਰਨ ਸੰਗਤਾਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਸੂਰ ਨਾਲੇ ਉਪਰ ਬਣੇ ਪੁੱਲ ਨਜ਼ਦੀਕ ਰੇਹੜੀ ਮਾਰਕੀਟ ਬਣਾਉਣ ਦੇ ਮਕਸਦ ਨਾਲ ਰੋਹੀ ਦੇ ਕਾਫੀ ਹਿੱਸੇ ’ਚ ਮਿੱਟੀ ਪਾ ਕੇ ਇਸ ਨੂੰ ਢੱਕ ਦਿੱਤਾ ਗਿਆ ਸੀ ਪਰ ਹਾਲੇ ਤੱਕ ਵੀ ਉਥੇ ਰੇਹੜੀ ਮਾਰਕੀਟ ਨਹੀਂ ਬਣ ਸਕੀ। ਇਥੇ ਦੱਸ ਦਈਏ ਕਿ ਤਰਨਤਾਰਨ ਦੇ ਮਰਹੂਮ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਇਕ ਵਿਧਾਨ ਸਭਾ ਸ਼ੈਸ਼ਨ ਦੌਰਾਨ ਇਸ ਕਸੂਰ ਨਾਲੇ ਨੂੰ ਪੱਕਾ ਕਰਨ ਤੇ ਇਸ ਦੀ ਸਫਾਈ ਲਈ ਮੁੱਦਾ ਚੁੱਕਿਆ ਸੀ। ਬਾਕਸ- ਲੋਕਾਂ ਲਈ ਮੁਸੀਬਤ ਨਾ ਬਣੇ, ਇਸ ਤੋਂ ਪਹਿਲਾਂ ਹੋਵੇ ਸਫਾਈ : ਬੁਰਜ ਕਾਂਗਰਸ ਦੇ ਤਰਨਤਾਰਨ ਹਲਕੇ ਤੋਂ ਇੰਚਾਰਜ ਕਰਨਬੀਰ ਸਿੰਘ ਬੁਰਜਦ ਦਾ ਕਹਿਣਾ ਹੈ ਕਿ ਕਸੂਰ ਨਾਲੇ ਕੰਢੇ ਕਈ ਵਾਰਡਾਂ ਦੇ ਹਜ਼ਾਰਾਂ ਲੋਕ ਵਸਦੇ ਹਨ। ਇਸ ’ਚ ਲੱਗੀ ਗੰਦੇ ਪਾਣੀ ਦੀ ਡਾਫ ਕਾਰਨ ਉੱਠਦੀ ਭਾਰੀ ਬਦਬੂ ਇਨ੍ਹਾਂ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਬਰਸਾਤਾਂ ’ਚ ਪਾਣੀ ਦਾ ਪੱਧਰ ਕਿਨਾਰਿਆਂ ਤੱਕ ਆ ਜਾਂਦਾ ਹੈ। ਇਸ ਲਈ ਸਮਾਂ ਰਹਿੰਦਿਆਂ ਇਸ ਦੀ ਸਫਾਈ ਕਰਨੀ ਬਣਦੀ ਸੀ। ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਬਾਅਦ ਬਰਸਾਤੀ ਮੌਸਮ ਸ਼ੁਰੂ ਹੋਵੇਗਾ ਤੇ ਇਹ ਨਾਲਾ ਆਸ-ਪਾਸ ਰਹਿੰਦੇ ਲੋਕਾਂ ਲਈ ਮੁਸੀਬਤ ਨਾ ਬਣ ਜਾਵੇ, ਇਸ ਤੋਂ ਪਹਿਲਾਂ ਪ੍ਰਬੰਧ ਜ਼ਰੂਰੀ ਹਨ। ਬਾਕਸ- ਨਾਲੇ ’ਚ ਕੂੜਾ-ਕਰਕਟ ਸੁੱਟਣ ਤੋਂ ਲੋਕ ਵੀ ਕਰਨ ਗੁਰੇਜ : ਰਾਣਾ ਤਰਨਤਾਰਨ ਦੇ ਸਾਬਕਾ ਕੌਂਸਲਰ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਕਸੂਰ ਨਾਲੇ ਦੇ ਆਸ-ਪਾਸ ਵੱਡੀ ਆਬਾਦੀ ਵਸਦੀ ਹੈ। ਉਨ੍ਹਾਂ ਕਿਹਾ ਕਿ ਨਾਲੇ ’ਚ ਸ਼ਹਿਰ ਦੇ ਸੀਵਰੇਜ ਦਾ ਪਾਣੀ ਵੀ ਡਿੱਗਦਾ ਹੈ ਤੇ ਕੁਝ ਥਾਵਾਂ ’ਤੇ ਕੂੜਾ ਵੀ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਪਾਣੀ ਹੋਰ ਪ੍ਰਦੂਸ਼ਤ ਹੋ ਜਾਂਦਾ ਹੈ ਤੇ ਇਸ ਵਿੱਚੋਂ ਉੱਠਦੀ ਹੈ। ਉਨ੍ਹਾਂ ਕਿਹਾ ਕਿ ਲੋਕ ਨਾਲੇ ਦੇ ਆਸ-ਪਾਸ ਸਫਾਈ ਰੱਖਣ ਤੇ ਨਾਲੇ ’ਚ ਕੂੜਾ-ਕਰਕਟ ਸੁੱਟਣ ਤੋਂ ਗੁਰੇਜ ਕਰਨ।