ਸਾਮਰਾਜੀ ਵਿਰੋਧੀ ਦਿਵਸ ਵਜੋ ਮਨਾਇਆ ਜਾਵੇਗਾ ਮਈ ਦਿਵਸ : ਜਾਮਾਰਾਏ
ਸਾਮਰਾਜੀ ਵਿਰੋਧੀ ਦਿਵਸ ਵਜੋ ਮਨਾਇਆ ਜਾਵੇਗਾ ਮਈ ਦਿਵਸ- ਜਾਮਾਰਾਏ
Publish Date: Tue, 21 Apr 2026 05:09 PM (IST)
Updated Date: Wed, 22 Apr 2026 04:01 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐੱਮਪੀਆਈ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਚਮਨ ਲਾਲ ਦਰਾਜਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਅਮਰੀਕਾ ਸਾਮਰਾਜ ਦੇ ਖਿਲਾਫ਼ ਮਜ਼ਦੂਰ ਜਮਾਤ ਨੇ ਲਹੂ ਵੀਟਵਾਂ ਸੰਘਰਸ਼ ਲੜ ਕੇ ਅਮਰੀਕਾ ਸਾਮਰਾਜ ਦੇ ਦੰਦ ਖੱਟੇ ਕੀਤੇ ਅਤੇ ਮਜ਼ਦੂਰ ਜਮਾਤ ਲਈ ਜਿੱਤ ਪ੍ਰਾਪਤ ਕੀਤੀ। ਅੱਜ ਫੇਰ ਸਾਮਰਾਜੀ ਮੁਲਕ ਅਮਰੀਕਾ ਆਪਣੀ ਸਰਦਾਰੀ ਨੂੰ ਕਾਇਮ ਰੱਖਣ ਲਈ ਇਰਾਨ ਨੂੰ ਤਬਾਹ ਕਰਨ ਲਈ ਜੰਗੀ ਹਥਿਆਰਾਂ ਨਾਲ ਹਮਲੇ ਕਰ ਰਿਹਾ ਹੈ। ਇਰਾਨ ਦੇ ਕੁਦਰਤੀ ਭੰਡਾਰ ਤੇਲ, ਗੈਸ ਅਤੇ ਹੋਰ ਕੁਦਰਤੀ ਸਰੋਤਾਂ ਦੇ ਕਬਜ਼ੇ ਕਰਨ ਦੀ ਮਨਸ਼ਾ ਨਾਲ ਇਰਾਨ ਨੂੰ ਤਬਾਹ ਕਰਨ ਤੇ ਤੁਲਿਆ ਹੋਇਆ ਹੈ ਪਰ ਇਰਾਨ ਦੇ ਜਝਾਰੂ ਲੋਕ ਅਮਰੀਕਾ ਦੀ ਧੌਂਸ ਨੂੰ ਨਾ ਮੰਨਦੇ ਹੋਏ ਅਮਰੀਕਾ ਅਤੇ ਇਜ਼ਰਾਇਲ ਦੇ ਦੰਦ ਖੱਟੇ ਕਰ ਰਹੇ ਹਨ। ਈਰਾਨ ਦੇ ਜੁਝਾਰੂ ਲੋਕ ਡੱਟ ਕੇ ਅਮਰੀਕਾ ਵੱਲੋਂ ਰਚੀ ਹੋਈ ਸਾਜਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਉਸਦਾ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਪਹਿਲੀ ਮਈ ਦਾ ਮਜ਼ਦੂਰ ਦਿਹਾੜਾ ਸਾਮਰਾਜੀ ਵਿਰੋਧੀ ਦਿਵਸ ਵਜੋ ਮਨਾਇਆ ਜਾਵੇਗਾ। ਮੀਟਿੰਗ ਦੇ ਫੈਸਲੇ ਸਬੰਧੀ ਪਾਰਟੀ ਦੇ ਜਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲ੍ਹਾ ਨੇ ਦੱਸਿਆ ਕਿ ਪਹਿਲੀ ਮਈ ਦਾ ਮਜ਼ਦੂਰ ਦਿਹਾੜਾ ਤਰਨ ਤਾਰਨ, ਭਿੱਖੀਵਿੰਡ, ਪੱਟੀ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਸੂਹਾ ਝੰਡਾ ਲਹਿਰਾ ਕੇ ਮਨਾਇਆ ਜਾਵੇਗਾ। 19 ਮਈ ਨੂੰ ਹਰ ਸਾਲ ਦੀ ਤਰ੍ਹਾਂ ਕਾਲੀਆਂ ਤਾਕਤਾਂ ਹੱਥੋਂ ਸ਼ਹੀਦ ਹੋਏ ਅਤੇ ਕੁਦਰਤੀ ਮੌਤ ਨਾਲ ਵਿਛੜ ਚੁੱਕੇ ਸਾਥੀਆਂ ਦੀ ਯਾਦ ’ਚ ਤਰਨਤਾਰਨ ਵਿਖੇ ਭਾਰੀ ਸਮਾਗਮ ਕੀਤਾ ਜਾਵੇਗਾ। ਇਸ ਦੇ ਸਬੰਧ ਵਿੱਚ ਪਾਰਟੀ ਦੀਆਂ ਤਹਿਸੀਲ ਮੀਟਿੰਗਾਂ ਕੀਤੀਆਂ ਜਾਣਗੀਆਂ। ਮੱਲ੍ਹਾ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਦੀ ਕਨੂੰਨ ਅਵਸਥਾ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਗੈਂਸਟਰਵਾਦ, ਲੁੱਟਾਂ ਖੋਹਾਂ, ਕਤਲੋਗਾਰਤ, ਨਸ਼ਾਖੋਰੀ ਅਤੇ ਬੇਰੁਜਗਾਰੀ ਵਿਰੁੱਧ ਲਾਮਬੰਦੀ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਝੂਠੇ ਲਾਰਿਆਂ ਤੋਂ ਸੁਚੇਤ ਕਰਨ ਲਈ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ’ਚ ਲੋਕ ਸੰਪਰਕ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਦਲਜੀਤ ਸਿੰਘ ਦਿਆਲਪੁਰਾ, ਜਗੀਰ ਸਿੰਘ ਗੰਡੀਵਿੰਡ, ਨਰਿੰਦਰ ਕੌਰ ਪੱਟੀ, ਧਰਮ ਸਿੰਘ ਭੱਟੀ, ਸਤਪਾਲ ਸ਼ਰਮਾ ਪੱਟੀ, ਦਾਰਾ ਸਿੰਘ ਮੁੰਡਾ ਪਿੰਡ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ ਭੈਲ ਆਦਿ ਆਗੂ ਹਾਜ਼ਰ ਸਨ।