ਦਰਸ਼ਨੀ ਡਿਓਢੀ ਦੇ ਬਾਹਰ ਬੇਸਮੈਂਟ, ਜੋੜਾ ਘਰ ਤੇ ਗੱਠੜੀ ਘਰ ਦੀ ਸੇਵਾ ਆਰੰਭ
ਦਰਸ਼ਨੀ ਡਿਓਢੀ ਦੇ ਬਾਹਰ ਬੇਸਮੈਂਟ, ਜੋੜਾ ਘਰ ਤੇ ਗੱਠੜੀ ਘਰ ਦੀ ਸੇਵਾ ਹੋਈ ਆਰੰਭ
Publish Date: Sun, 19 Apr 2026 09:11 PM (IST)
Updated Date: Mon, 20 Apr 2026 04:13 AM (IST)

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਟੱਕ ਲਾ ਕੇ ਰੱਖਿਆ ਸੀ ਨੀਂਹ ਪੱਥਰ 5 ਕਰੋੜ ਦੀ ਲਾਗਤ ਨਾਲ ਹੋਵੇਗਾ ਬੇਸਮੈਂਟ ਤੇ ਵੱਖ-ਵੱਖ ਇਮਾਰਤਾਂ ਦਾ ਨਿਰਮਾਣ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਓਢੀ ਦੇ ਬਾਹਰ ਬੇਸਮੈਂਟ ’ਚ ਮੋਟਰਸਾਈਕਲ ਪਾਰਕਿੰਗ ਤੋਂ ਇਲਾਵਾ ਆਧੁਨਿਕ ਜੋੜਾਘਰ, ਗਠੜੀ ਘਰ ਅਤੇ ਵਾਸ਼ਰੂਮਾਂ ਦੀ ਉਸਾਰੀ ਲਈ ਕਾਰ ਸੇਵਾ ਸ਼ਨਿਚਰਵਾਰ ਦੇਰ ਸ਼ਾਮ ਨੂੰ ਡੇਰਾ ਕਾਰ ਸੇਵਾ ਤਰਨਤਾਰਨ ਵਲੋਂ ਆਰੰਭ ਕਰ ਦਿੱਤੀ ਗਈ ਹੈ। ਇਸ ਸੇਵਾ ਦਾ ਨੀਂਹ ਪੱਥਰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 20 ਮਾਰਚ ਨੂੰ ਸੰਤ ਮਹਾਂ ਪੁਰਸ਼ਾਂ ਦੀ ਹਾਜਰੀ ਵਿਚ ਰੱਖਿਆ ਸੀ। ਪਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਸਮਾਗਮਾਂ ਵਿਚ ਲੱਖਾਂ ਦੀ ਗਿਣਤੀ ’ਚ ਸੰਗਤ ਦੀ ਹੋਣ ਵਾਲੀ ਆਮਦ ਨੂੰ ਮੁੱਖ ਰੱਖਦਿਆਂ ਇਸ ਸੇਵਾ ਨੂੰ ਹੁਣ ਆਰੰਭ ਕੀਤਾ ਗਿਆ ਹੈ। ਦੱਸ ਦਈਏ ਕਿ ਸੰਗਤ ਦੀ ਮੰਗ ਅਨੁਸਾਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਓਢੀ ਦੇ ਬਾਹਰ ਬੇਸਮੈਂਟ ਵਿਚ ਮੋਟਰਸਾਈਕਲ ਤੇ ਸਕੂਟਰ ਪਾਰਕਿੰਗ ਤਿਆਰ ਕਰਨ ਦੇ ਨਾਲ ਨਾਲ ਬੇਸਮੈਂਟ ਦੇ ਉੱਪਰ ਜੋੜਾ ਘਰ ਅਤੇ ਗੱਠੜੀ ਘਰ ਤਿਆਰ ਕਰਨ ਦੀ ਯੋਜਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਈ ਸੀ। ਜਦੋਂਕਿ ਸੰਗਤ ਦੀ ਸਹੂਲਤ ਲਈ ਸਾਫ ਸੁਥਰੇ ਵਾਸ਼ਰੂਮ ਵੀ ਤਿਆਰ ਕੀਤੇ ਜਾਣੇ ਹਨ। ਸ਼੍ਰੋਮਣੀ ਕਮੇਟੀ ਨੇ ਇਸ ਕਾਰਜਾਂ ਦੀ ਸੇਵਾ ਬਾਬਾ ਜਗਤਾਰ ਸਿੰਘ, ਬਾਬਾ ਮਹਿੰਦਰ ਸਿੰਘ ਕਾਰ ਸੇਵਾ ਤਰਨਤਾਰਨ ਵਾਲਿਆਂ ਨੂੰ ਸੌਂਪਿਆ ਹੈ। ਇਸ ਸੰਪਰਦਾਏ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਹੋਰ ਗੁਰਦੁਆਰਾ ਸਾਹਿਬਾਨ ਵਿਚ ਵੀ ਸੇਵਾਵਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਸੰਗਤ ਦੇ ਸਹਿਯੋਗ ਨਾਲ ਹੁਣ 10 ਹਜਾਰ ਸਕੇਅਰ ਫੁੱਟ ਵਾਲੀ ਇਸ ਜਗ੍ਹਾ ’ਤੇ 5 ਹਜ਼ਾਰ ਸਕੇਅਰ ਫੁੱਟ ’ਚ ਬੇਸਮੈਂਟ ਅਤੇ 5500 ਸਕੇਅਰ ਫੁੱਟ ’ਚ ਵਾਸ਼ਰੂਮ ਤੇ ਗੱਠੜੀ ਘਰ ਦਾ ਨਿਰਮਾਣ ਹੋਵੇਗਾ। ਸ਼੍ਰੋਮਣੀ ਕਮੇਟੀ ਮੁਤਾਬਿਕ ਇਸ ਉਸਾਰੀ ’ਤੇ 5 ਕਰੋੜ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ, ਜਿਸ ਵਿਚ ਸੰਗਤ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਸ਼ਨਿਚਰਵਾਰ ਰਾਤ ਕਰੀਬ ਸਾਢੇ ਦਸ ਵਜੇ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਹੈੱਡ ਗ੍ਰੰਥੀ ਗਿਆਨੀ ਸਤਪਾਲ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕਾਰ ਸੇਵਾ ਸੰਪਰਦਾਇ ਤਰਨਤਾਰਨ ਵਲੋਂ ਜੇਸੀਬੀ ਨਾਲ ਬੇਸਮੈਂਟ ਦੀ ਖੁਦਾਈ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ, ਜੋੜਾ ਘਰ ਸੇਵਕ ਜਥਾ ਦੇ ਸੇਵਾਦਾਰ ਰਜਿੰਦਰ ਸਿੰਘ ਬੇਦੀ ਤੋਂ ਇਲਾਵਾ ਲਖਬੀਰ ਸਿੰਘ, ਕੁਲਵਿੰਦਰ ਸਿੰਘ ਲਵਲੀ, ਗੁਰਿੰਦਰ ਸਿੰਘ ਲਾਡੀ, ਸ਼ੁਕਰਵਾਰ ਸੇਵਾ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜਰ ਸੀ।