ਐਕਸਯੂਵੀ ਗੱਡੀ ’ਚੋਂ ਬਰਾਮਦ ਹੋਏ ਵੱਡੀ ਮਾਤਰਾ ’ਚ ਹਥਿਆਰ, 3 ਕਾਬੂ
ਐਕਸਯੂਵੀ ਗੱਡੀ ’ਚੋਂ ਬਰਾਮਦ ਹੋਏ ਵੱਡੀ ਮਾਤਰਾ ’ਚ ਹਥਿਆਰ, ਤਿੰਨ ਗ੍ਰਿਫਤਾਰ
Publish Date: Sun, 19 Apr 2026 09:09 PM (IST)
Updated Date: Mon, 20 Apr 2026 04:13 AM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਸਰੱਹਦੀ ਪਿੰਡ ਕਲੰਜਰ ਦੀ ਡਰੇਨ ਕੋਲੋਂ ਇਕ ਐਕਸਯੂਵੀ ਗੱਡੀ ਵਿੱਚੋਂ ਵੱਡੀ ਮਾਤਰਾ ’ਚ ਅਸਲਾ ਬਰਾਮਦ ਕਰਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਵਿਰੁੱਧ ਥਾਣਾ ਵਲਟੋਹਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਵਲਟੋਹਾ ਦੀ ਪੁਲਿਸ ਪਾਰਟੀ ਸਬ ਇੰਸਪੈਕਟਰ ਜੱਸਾ ਸਿੰਘ ਦੀ ਅਗਵਾਈ ਹੇਠ ਪਿੰਡ ਕਲੰਜਰ ਦੀ ਡਰੇਨ ਕੋਲ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਐਕਸਯੂਵੀ 500 ਗੱਡੀ ਨੰਬਰ ਪੀਬੀ65 ਜੈੱਡ 0545 ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਵਿੱਚੋਂ 12 ਬੋਰ ਦੀਆਂ ਦੋ ਦੋਨਾਲੀ ਬੰਦੂਕਾਂ, ਇਕ 30 ਬੋਰ ਦਾ ਜਗਾਨਾ ਪਿਸਟਲ ਅਤੇ 315 ਬੋਰ ਦਾ ਦੇਸੀ ਕੱਟਾ ਬਰਾਮਦ ਹੋਇਆ। ਜਦੋਂਕਿ 30 ਬੋਰ ਦੇ 10 ਕਾਰਤੂਸ, 12 ਬੋਰ ਦੇ 30 ਕਾਰਤੂਸ, 315 ਬੋਰ ਦੇ 20 ਕਾਰਤੂਸਾਂ ਤੋਂ ਇਲਾਵਾ ਇਕ ਡੌਂਗਲ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਰ ਵਿਚ ਸਵਾਰ ਤਿੰਨ ਜਣਿਆਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਭੂਰਾ ਕੋਹਨਾ, ਲਵਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਆਸਲ ਉਤਾੜ ਅਤੇ ਜਸਬੀਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਵਾਰਡ ਨੰਬਰ 1 ਖੇਮਕਰਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਤਿੰਨਾ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਇਨ੍ਹਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।