ਰਾਜਬੀਰ ਭੁੱਲਰ ਨੇ ਅਨਾਜ ਮੰਡੀ ਤਰਨਤਾਰਨ ਦਾ ਕੀਤਾ ਦੌਰਾ
ਰਾਜਬੀਰ ਭੁੱਲਰ ਨੇ ਅਨਾਜ ਮੰਡੀ ਤਰਨਤਾਰਨ ਦਾ ਕੀਤਾ ਦੌਰਾ, ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਲਿਆ ਜਾਇਜ਼ਾ
Publish Date: Sun, 19 Apr 2026 07:12 PM (IST)
Updated Date: Mon, 20 Apr 2026 04:10 AM (IST)

ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਲਿਆ ਜਾਇਜ਼ਾ ਕਿਹਾ- ਕਿਸਾਨਾਂ ਕੋਲੋ ਲਿਆਂਦੀ ਫ਼ਸਲ ਦੀ ਤੁਰੰਤ ਖ਼ਰੀਦ ਕਰ ਕੇ ਪੇਮੈਂਟ ਅਦਾ ਕੀਤੀ ਜਾਵੇ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਕਿਸਾਨਾਂ ਵੱਲੋਂ ਪੁੱਤਾਂ ਵਾਂਗੂੰ ਪਾਲੀ ਕਣਕ ਦੀ ਫ਼ਸਲ ਦੀ ਖ੍ਰੀਦ ਵਿਚ ਕੀਤੀ ਜਾ ਰਹੀ ਲੇਟ ਲਤੀਫ਼ੀ ਅਤੇ ਅਨਾਜ ਮੰਡੀਆਂ ਵਿਚ ਆਏ ਕਿਸਾਨਾਂ ਦੀਆਂ ਮੁਸ਼ਕਿਲਾਂ ਜਾਨਣ ਲਈ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵੱਲੋਂ ਅਨਾਜ ਮੰਡੀ ਤਰਨਤਾਰਨ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਜਿਥੇ ਮੰਡੀਆਂ ਵਿਚ ਕਣਕ ਲੈ ਕੇ ਪੁੱਜੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ, ਉਥੇ ਹੀ ਆੜ੍ਹਤੀਆਂ ਅਤੇ ਮਜ਼ਦੂਰ ਵਰਗ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ਉੱਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਦੇ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹਨ ਅਤੇ ਕਿਸਾਨੀ ਧੰਦਾ ਲਗਾਤਾਰ ਘਾਟੇਵੰਦੀ ਸਾਬਿਤ ਹੋ ਰਿਹਾ ਹੈ। ਜਦਕਿ ਸਰਕਾਰ ਵੱਲੋਂ ਫ਼ਸਲਾਂ ਦੀ ਸਹੀ ਸਮੇਂ ਖ੍ਰੀਦ ਨਾ ਹੋਣ ਕਰਕੇ ਕਿਸਾਨ ਡਾਹਢੇ ਚਿੰਤਾ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਸਰਕਾਰੀ ਖ੍ਰੀਦ ਕਰਨ ਵਿਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ, ਜਿਸ ਕਰਕੇ ਕਿਸਾਨਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦਿਨ ਰਾਤ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੂੰ ਵੀ ਬਾਰਦਾਨਾ ਨਾ ਮਿਲਣ ਕਰ ਕੇ ਮੁਸ਼ਕਿਲ ਆ ਰਹੀ ਹੈ ਅਤੇ ਮੰਡੀਆਂ ਵਿਚ ਹੋਰ ਢੁੱਕਵੇਂ ਪ੍ਰਬੰਧ ਨਾ ਹੋਣੇ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਆਪਣੀ ਸਰਕਾਰ ਦੇ ਕੰਮਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੇ ਰਹਿੰਦੇ ਹਨ, ਜਦਕਿ ਗਰਾਊਂਡ ਜ਼ੀਰੋ ’ਤੇ ਨਤੀਜੇ ਬਿਲਕੁੱਲ ਉਲਟ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਕੇ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ੍ਰੀਦ ਕਰਕੇ ਤੁਰੰਤ ਲਿਫਟਿੰਗ ਕਰਵਾ ਕੇ ਬਣਦੀ ਅਦਾਇਗੀ ਕੀਤੀ ਜਾਵੇ। ਇਸ ਮੌਕੇ ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਪਾਗਲ, ਪਾਹੁਲ ਰਟੌਲ, ਬਾਬਾ ਸੁਖਚੈਨ ਸਿੰਘ ਕੰਡਿਆਲਾ, ਪਵਨਦੀਪ ਸਿੰਘ ਖਾਲਸਾ, ਗੌਰਵ ਕੁਮਾਰ ਗੋਲੂ, ਸਿਮਰਨ ਬਹਿਲਾ, ਅੰਗਰੇਜ ਸਿੰਘ ਖੱਬੇ, ਹੀਰਾ ਸਿੰਘ ਮੱਲ੍ਹੀ, ਸੁਖਜੀਤ ਸਿੰਘ, ਪ੍ਰਗਟ ਸਿੰਘ ਆਦਿ ਹਾਜਰ ਸਨ।