- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਟੀਜ਼ਨ ਕੌਂਸਲ ਨੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਸਿਲਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਪੇਸ਼ ਕੀਤਾ ਸੱਭਿਆਚਾਰਕ ਪ੍ਰੋਗਰਾਮ
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ
ਪ੍ਰਮੁੱਖ ਸਮਾਜ-ਸੇਵੀ ਸੰਸਥਾ ਸਿਟੀਜ਼ਨ ਕੌਂਸਲ ਤਰਨਤਾਰਨ ਵੱਲੋਂ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਦੀ ਅਗਵਾਈ ਵਿਚ ਵਿਸਾਖੀ ਦਿਹਾੜੇ ਨੂੰ ਸਮਰਪਿਤ ਖੂਬਸੂਰਤ ਸਭਿਆਚਾਰਕ ਪ੍ਰੋਗਰਾਮ ਸਿਟੀਜ਼ਨ ਕੌਂਸਲ ਦੇ ਦਫਤਰ ਵਿਚ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਪ੍ਰਸਿੱਧ ਲੇਖਿਕਾ, ਬੁੱਧੀਜੀਵੀ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਫੋਰ ਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੂਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂਕਿ ਸਮਾਗਮ ਵਿਚ ਕੁਲਦੀਪ ਸਿੰਘ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ, ਖੁਸ਼ਦੀਪ ਕੌਰ, ਗੁਰਪ੍ਰੀਤ ਕੌਰ, ਤੇਜਿੰਦਰ ਕੌਰ ਧਾਮੀ, ਬਲਜੀਤ ਕੌਰ, ਅਵਤਾਰ ਸਿੰਘ ਪੰਨੂ ਸੇਵਾ ਮੁਕਤ ਬੈਂਕ ਮੈਨੇਜਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਸਮਾਗਮ ਦੌਰਾਨ ਸਿਟੀਜ਼ਨ ਕੌਂਸਲ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਦੀ ਅਧਿਆਪਕਾ ਲਖਵਿੰਦਰ ਕੌਰ ਅਤੇ ਸੁਖਵੰਤ ਸਿੰਘ ਧਾਮੀ ਦੀ ਅਗਵਾਈ ਵਿਚ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਰਾਜਬੀਰ ਕੌਰ, ਮੁਸਕਾਨ, ਅਮਰਜੀਤ ਕੌਰ, ਕਰਮਜੀਤ ਕੌਰ, ਮਨਜੀਤ ਕੌਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਬਹੁਤ ਖੂਬਸੂਰਤ ਪ੍ਰੋਗਰਾਮ ਪੰਜਾਬੀ ਗੀਤ ਅਤੇ ਗਿੱਧੇ ਦੀ ਵਧੀਆ ਪੇਸ਼ਕਾਰੀ ਕਰਕੇ ਸਮਾਗਮ ਨੂੰ ਚਾਰ ਚੰਨ੍ਹ ਲਗਾਏ। ਸਾਰੇ ਮਹਿਮਾਨਾਂ, ਪਤਵੰਤਿਆਂ ਤੇ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਨੇ ਵਿਦਿਆਰਥਣਾਂ ਦੇ ਇਸ ਸਭਿਆਚਾਰਕ ਪ੍ਰੋਗਰਾਮ ਦੀ ਭਰਪੂਰ ਸਰਾਹਣਾ ਕੀਤੀ।
ਮੁੱਖ ਮਹਿਮਾਨ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਨੇ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਅਤੇ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਨੂੰ ਖੂਬਸੂਰਤ ਪ੍ਰੋਗਰਾਮ ਦੀ ਵਧਾਈ ਦਿੰਦਿਆਂ ਕਿਹਾ ਕਿ ਧੀਆਂ ਦਾ ਆਪਣੇ ਪਰਿਵਾਰ ਅਤੇ ਸਮਾਜ ਵਿਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਧੀਆਂ ਆਪਣੇ ਪਰਿਵਾਰ ਲਈ ਇਕ ਥੰਮ੍ਹ ਦੇ ਸਮਾਨ ਹੁੰਦੀਆਂ ਹਨ, ਜੋ ਆਪਣੇ ਪਰਿਵਾਰ ਨੂੰ ਮੋਹ ਦੀਆਂ ਤੰਦਾਂ ਵਿਚ ਬੰਨ੍ਹ ਕੇ ਰੱਖਦੀਆਂ ਹਨ। ਉਨ੍ਹਾਂ ਨੇ ਸਾਰੀਆਂ ਵਿਦਿਆਰਥਣਾਂ ਨੂੰ ਬਹੁਤ ਮਿਹਨਤ ਕਰਨ ਦੀ ਪ੍ਰੇਰਨਾ ਵੀ ਦਿੱਤੀ ਅਤੇ ਕਿਸੇ ਵੀ ਗਲਤ ਫੈਸਲੇ ਵਿਰੁੱਧ ਡੱਟ ਕੇ ਖੜ੍ਹੇ ਰਹਿਣ ਦਾ ਹੌਂਸਲਾ ਵੀ ਦਿੱਤਾ।
ਪ੍ਰਿੰਸੀਪਲ ਸੰਦੀਪ ਢਿੱਲੋਂ ਨੇ ਸਿਟੀਜ਼ਨ ਕੌਂਸਲ ਵੱਲੋਂ ਪਿਛਲੇ ਲਗਭਗ 35 ਸਾਲਾਂ ਤੋਂ ਕੀਤੇ ਜਾ ਰਹੇ ਸਮਾਜਿਕ ਕਾਰਜ ਜਿਵੇਂ ਅੱਖਾਂ ਦੇ ਆਪ੍ਰੇਸ਼ਨ ਕੈਂਪ, ਧੀਆਂ ਦੀਆਂ ਸ਼ਾਦੀਆਂ, ਐਲੀਮੈਂਟਰੀ ਸਕੂਲਾਂ ਦੇ ਬੱਚਿਆਂ ਦੀ ਸਹਾਇਤਾ, ਲੜਕੀਆਂ ਲਈ ਫ੍ਰੀ ਸਿਲਾਈ ਸੈਂਟਰ ਚਲਾਉਣਾ ਆਦਿ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਸਮਾਜਿਕ ਸੰਸਥਾਵਾਂ ਦਾ ਸਮਾਜ ਦੇ ਚੰਗੇਰੇ ਹਿੱਤ ’ਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਅਜਿਹੀਆਂ ਸਮਾਜਿਕ ਸੰਸਥਾਵਾਂ ਦੀ ਹਰ ਪੱਖੋਂ ਮਦਦ ਕਰਨੀ ਚਾਹੀਦੀ ਹੈ।
ਇਸ ਮੌਕੇ ਮੁੱਖ ਮਹਿਮਾਨ ਢਿੱਲੋਂ ਨੇ ਆਪਣੀਆਂ ਤਿੰਨ ਖੂਬਸੂਰਤ ਰਚਨਾਵਾਂ ਦੀ ਹਾਲ ’ਚ ਪ੍ਰਕਾਸ਼ਿਤ ਕਿਤਾਬਾਂ ਦਰਦ ਦਹਿਲੀਜਾਂ, ਦਿਲ ਦੇ ਆਰ-ਪਾਰ ਅਤੇ ਕਰਵਟ ਵੀ ਵੰਡੀਆਂ। ਇਹ ਰਚਨਾਵਾਂ ਹੁਣ ਤਕ ਬਹੁਤ ਮਕਬੂਲ ਹੋਈਆਂ ਹਨ। ਸਿਟੀਜ਼ਨ ਕੌਂਸਲ ਦੇ ਮੈਂਬਰਾਂ ਤੇ ਆਏ ਹੋਰ ਪਤਵੰਤਿਆਂ ਨੇ ਇਨ੍ਹਾਂ ਰਚਨਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮਾਗਮ ਵਿਚ ਪੈਟਰਨ ਡਾਕਟਰ ਸੁਖਦੇਵ ਸਿੰਘ ਲੋਹੁਕਾ, ਅਵਤਾਰ ਸਿੰਘ ਤਨੇਜਾ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਹਰਿੰਦਰ ਸਿੰਘ ਪਲਾਸੌਰ ਸਾਰੇ ਸਾਬਕਾ ਪ੍ਰਧਾਨ, ਜੀਤ ਸਿੰਘ ਸਰਾਫ ਮੀਤ ਪ੍ਰਧਾਨ, ਲੈਕਚਰਾਰ ਕੁਲਵਿੰਦਰ ਸਿੰਘ ਲਵਲੀ ਜਨਰਲ ਸਕੱਤਰ, ਗੁਰਿੰਦਰਬੀਰ ਸਿੰਘ ਧਾਮੀ, ਹਰਵਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਰੂੜ ਸਿੰਘ ਮਾਸਟਰ ਕਾਲੋਨੀ, ਮੁਖਤਾਰ ਸਿੰਘ ਸੂਬੇਦਾਰ, ਗੁਲਜਾਰ ਸਿੰਘ ਭੁੱਟੋ, ਸੁਰਜੀਤ ਸਿੰਘ ਪਲਾਸੌਰ , ਨਰੇਸ਼ ਮਰਵਾਹਾ, ਡਾਕਟਰ ਨਿਰਮਲਜੀਤ ਸਿੰਘ ਵਰਪਾਲ, ਜਸਦੀਪ ਸਿੰਘ ਗਾਂਧੀ, ਮਾਸਟਰ ਤੇਜਪਾਲ ਸਿੰਘ, ਸੁਖਵੰਤ ਸਿੰਘ ਧਾਮੀ ਪ੍ਰਧਾਨ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਇਕਾਈ ਤਰਨਤਾਰਨ ਦੇ ਸੀਨੀਅਰ ਮੈਂਬਰ ਮਾਸਟਰ ਗੁਲਬਾਗ ਸਿੰਘ ਕੁਹਾੜਕਾ, ਕੁਲਵਿੰਦਰ ਸਿੰਘ ਪਿੰਕਾ, ਬਿਕਰਮਜੀਤ ਸਿੰਘ ਕੰਗ ਵੀ ਸਮਾਰੋਹ ਵਿਚ ਸ਼ਾਮਲ ਹੋਏ।
ਵਿਸਾਖੀ ਮੇਲੇ ਦੀ ਸਮਾਪਤੀ ’ਤੇ ਵਿਦਿਆਰਥਣਾਂ, ਮੈਂਬਰਾਂ ਤੇ ਪਤਵੰਤਿਆਂ ਲਈ ਵਧੀਆ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਮਹਿਮਾਨਾਂ ਨੂੰ ਸਿਟੀਜ਼ਨ ਕੌਂਸਲ ਵੱਲੋਂ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਅਤੇ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ।