ਦੁਕਾਨਦਾਰ ਸਾਫ਼-ਸਫ਼ਾਈ ਤੇ ਗੁਣਵੱਤਾ ’ਤੇ ਦੇਣ ਵਿਸ਼ੇਸ਼ ਧਿਆਨ :ਖੰਨਾ
ਦੁਕਾਨਦਾਰ ਸਾਫ਼-ਸਫ਼ਾਈ ਅਤੇ ਗੁਣਵੱਤਾ ’ਤੇ ਦੇਣ ਵਿਸ਼ੇਸ਼ ਧਿਆਨ : ਵਿਨੋਦ ਕੁਮਾਰ ਖੰਨਾ
Publish Date: Fri, 17 Apr 2026 06:44 PM (IST)
Updated Date: Sat, 18 Apr 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ : ਕਰਿਆਨਾ ਯੂਨੀਅਨ ਪੱਟੀ ਦੇ ਪ੍ਰਧਾਨ ਵਿਨੋਦ ਕੁਮਾਰ ਖੰਨਾ ਨੇ ਆਉਣ ਵਾਲੇ ਗਰਮੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ’ਤੇ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣ ਅਤੇ ਗਾਹਕਾਂ ਨੂੰ ਸਿਰਫ਼ ਸਾਫ਼-ਸੁਥਰਾ ਅਤੇ ਉੱਚ ਗੁਣਵੱਤਾ ਵਾਲਾ ਸਾਮਾਨ ਹੀ ਮੁਹੱਈਆ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਗਰਮੀਆਂ ਦੇ ਦਿਨਾਂ ਵਿਚ ਖਾਣ-ਪੀਣ ਵਾਲੀਆਂ ਵਸਤੂਆਂ ਜਲਦੀ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਇਸ ਲਈ ਦੁਕਾਨਦਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮਾਨ ਦੀ ਸੰਭਾਲ ਸਹੀ ਤਰੀਕੇ ਨਾਲ ਕਰਨ। ਉਨ੍ਹਾਂ ਦੱਸਿਆ ਕਿ ਦੁਕਾਨਾਂ ਵਿਚ ਸਫ਼ਾਈ ਬਣਾਈ ਰੱਖਣ ਨਾਲ ਨਾ ਸਿਰਫ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ, ਸਗੋਂ ਗਾਹਕਾਂ ਦਾ ਭਰੋਸਾ ਵੀ ਕਾਇਮ ਰਹਿੰਦਾ ਹੈ। ਵਿਨੋਦ ਕੁਮਾਰ ਖੰਨਾ ਨੇ ਕਿਹਾ ਕਿ ਹਰ ਦੁਕਾਨਦਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਦੁਕਾਨ ਵਿਚ ਰੋਜ਼ਾਨਾ ਸਫ਼ਾਈ ਕਰੇ, ਸਮਾਨ ਨੂੰ ਢੱਕ ਕੇ ਰੱਖੇ ਅਤੇ ਮਿਆਦ ਪੂਰੀ ਹੋ ਚੁੱਕੀਆਂ ਵਸਤੂਆਂ ਨੂੰ ਤੁਰੰਤ ਹਟਾਏ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਮਾਹੌਲ ਗਾਹਕਾਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਵਪਾਰ ਵਿਚ ਵਾਧਾ ਕਰਦਾ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਖੁੱਲ੍ਹੇ ਵਿਚ ਪਏ ਖਾਣ-ਪੀਣ ਦੇ ਸਮਾਨ ਨੂੰ ਧੂੜ-ਮਿੱਟੀ ਅਤੇ ਕੀੜਿਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਉਹ ਕਵਰ ਵਾਲੇ ਡੱਬੇ ਅਤੇ ਸਾਫ਼ ਬਰਤਨਾਂ ਦੀ ਵਰਤੋਂ ਕਰਨ। ਅੰਤ ਵਿਚ ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਫ਼-ਸੁਥਰੇ ਮਿਆਰਾਂ ਨੂੰ ਯਕੀਨੀ ਬਣਾਉਣ, ਤਾਂ ਜੋ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਅਤੇ ਵਧੀਆ ਗੁਣਵੱਤਾ ਵਾਲਾ ਸਮਾਨ ਮਿਲ ਸਕੇ ਅਤੇ ਸਮਾਜ ਵਿਚ ਸਿਹਤਮੰਦ ਮਾਹੌਲ ਬਣਿਆ ਰਹੇ।