- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਸ਼ਰਧਾ ਨਾਲ ਮਨਾਈ ਵਿਸਾਖ ਮਹੀਨੇ ਦੀ ਮੱਸਿਆ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਵਿਸਾਖ ਮਹੀਨੇ ਦੀ ਚੌਦਸ ਅਤੇ ਮੱਸਿਆ ਦਾ ਦਿਹਾੜਾ ਵੀਰਵਾਰ ਤੇ ਸ਼ੁਕਰਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੋਵੇਂ ਦਿਨ ਲੱਖਾਂ ਦੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਘਰ ਪੁੱਜੀਆਂ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ। ਸੰਗਤ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋ ਕੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੀਸ ਨਿਵਾਇਆ। ਉਥੇ ਹੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਮਨ ਬਿਰਤੀ ਇਕਾਗਰ ਕਰਕੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਹਜ਼ੂਰੀ ਰਾਗੀ ਜਥਿਆਂ ਨੇ ਸਾਰਾ ਦਿਨ ਗੁਰਬਾਣੀ ਦੇ ਰਸਭਿੰਨੇ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਲੰਗਰ ਹਾਲ ਵਿਖੇ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ।
ਦੀਵਾਨ ਹਾਲ ਵਿਖੇ ਚੌਦਸ ਅਤੇ ਮੱਸਿਆ ਦੇ ਦਿਹਾੜਿਆਂ ’ਤੇ ਦਿਨ ਰਾਤ ਭਾਰੀ ਦੀਵਾਨ ਸਜਿਆ। ਜਿਸ ਵਿਚ ਭਾਈ ਕੁਲਵੰਤ ਸਿੰਘ ਢਾਡੀ, ਭਾਈ ਕਰਮ ਸਿੰਘ ਰੱਤਾਗੁੱਦਾ, ਭਾਈ ਸਤਪਾਲ ਸਿੰਘ ਐੱਮਏ ਢਾਡੀ, ਪ੍ਰਚਾਰਕ ਦਿਲਬਾਗ ਸਿੰਘ, ਭਾਈ ਸਤਨਾਮ ਸਿੰਘ ਬੱਲੋਵਾਲੀ ਕਵੀਸ਼ਰ, ਭਾਈ ਰਣਜੀਤ ਸਿੰਘ ਸਭਰਾ ਢਾਡੀ, ਭਾਈ ਕੇਵਲ ਸਿੰਘ ਮਹਿਤਾ ਕਵੀਸ਼ਰ, ਭਾਈ ਹਰਦੀਪ ਸਿੰਘ ਮਾਣੋਚਾਹਲ ਢਾਡੀ, ਭਾਈ ਲਖਵਿੰਦਰ ਸਿੰਘ ਰਾਏ ਕਵੀਸ਼ਰ, ਭਾਈ ਸੁਖਦੇਵ ਸਿੰਘ ਬੂਹ ਢਾਡੀ, ਭਾਈ ਨਿਰੰਜਣ ਸਿੰਘ ਬੋਪਾਰਾਏ ਕਵੀਸ਼ਰ, ਭਾਈ ਲਖਬੀਰ ਸਿੰਘ ਮਸਤ ਕਵੀਸ਼ਰ, ਭਾਈ ਸੁਖਦੇਵ ਸਿੰਘ ਮੰਡ ਕਵੀਸ਼ਰ, ਭਾਈ ਗੁਰਜੀਤ ਸਿੰਘ ਮਾਣੋਚਾਹਲ ਢਾਡੀ, ਭਾਈ ਮਨਜੀਤ ਸਿੰਘ ਮਾਨਕ ਕਵੀਸ਼ਰ, ਭਾਈ ਜਤਿੰਦਰਪਾਲ ਸਿੰਘ ਢਾਡੀ, ਭਾਈ ਜੱਸਾ ਸਿੰਘ ਮਨਿਆਲਾ ਕਵੀਸ਼ਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਗੁਰਬਚਨ ਸਿੰਘ ਕਲਸੀਆਂ, ਭਾਈ ਲਖਮੀਰ ਸਿੰਘ ਕੱਕਾ ਕੰਡਿਆਲਾ ਅਤੇ ਭਾਈ ਦਿਲਬਾਗ ਸਿੰਘ ਸਭਰਾ ਨੇ ਦੀਵਾਨ ਵਿਚ ਜੁੜੀ ਸੰਗਤ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ।
----
ਪਿੰਡਾਂ ਅਤੇ ਸ਼ਹਿਰ ਵਿਚ ਕਈ ਥਾਵਾਂ ’ਤੇ ਲੱਗੇ ਗੁਰੂ ਕੇ ਲੰਗਰ
ਮੱਸਿਆ ਦੇ ਦਿਹਾੜੇ ’ਤੇ ਗੁਰੂ ਘਰ ਆਉਣ ਵਾਲੀ ਸੰਗਤ ਦੀ ਟਹਿਲ ਸੇਵਾ ਵਾਸਤੇ ਤਰਨਤਾਰਨ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਜਿਥੇ ਸ਼ਰਧਾਲੂਆਂ ਨੇ ਗੁਰੂ ਕੇ ਲੰਗਰ ਲਗਾਏ। ਉਥੇ ਹੀ ਤਰਨਤਾਰਨ ਵੱਲ ਆਉਂਦੀਆਂ ਸੜਕਾਂ ’ਤੇ ਪੈਂਦੇ ਵੱਖ-ਵੱਖ ਪਿਡਾਂ ਦੇ ਸ਼ਰਧਾਲੂਆਂ ਵੱਲੋਂ ਆਪੋ ਆਪਣੇ ਪਿੰਡਾਂ ਦੇ ਅੱਡਿਆਂ ’ਤੇ ਮਹੀਨਾਵਾਰੀ ਲੰਗਰ ਲਗਾਏ, ਤਾਂ ਜੋ ਗੁਰੂ ਘਰ ਜਾਣ ਵਾਲੀ ਸੰਗਤ ਨੂੰ ਲੰਗਰ ਛਕਾਏ ਜਾ ਸਕਣ।
---
ਚੌਦਸ ਅਤੇ ਮੱਸਿਆ ਦੇ ਦਿਹਾੜੇ ’ਤੇ ਕੀਤੇ ਜਾਂਦੇ ਹਨ ਵਿਸ਼ੇਸ਼ ਪ੍ਰਬੰਧ
ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਭਾਈ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਚੌਦਸ ਅਤੇ ਮੱਸਿਆ ਦੇ ਦਿਹਾੜੇ ਦਾ ਤਰਨਤਾਰਨ ਵਿਚ ਖਾਸ ਮਹੱਤਵ ਹੈ। ਦੋਵੇਂ ਦਿਨ ਗੁਰੂ ਘਰ ਵਿਚ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਸੰਗਤ ਦੀ ਵੱਡੀ ਆਮਦ ਦੇ ਚੱਲਦਿਆਂ ਹਰ ਤਰ੍ਹਾਂ ਦੇ ਪ੍ਰਬੰਧ ਵਿਸ਼ੇਸ਼ ਤਰੀਕੇ ਨਾਲ ਕੀਤੇ ਜਾਂਦੇ ਹਨ, ਤਾਂ ਜੋ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਸਮੂਹ ਸਟਾਫ਼ ਵੱਲੋ ਚੌਦਸ ਅਤੇ ਮੱਸਿਆ ਦੇ ਦਿਹਾੜੇ ’ਤੇ ਪੂਰੀ ਤਨਦੇਹੀ ਨਾਲ ਡਿਊਟੀਆਂ ਨਿਭਾਈਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਤਹਿ ਦਿਲੋਂ ਸਵਾਗਤ ਕੀਤਾ।