ਖਰੀਦ ਪ੍ਰਬੰਧ ’ਚ ਲਾਪ੍ਰਵਾਹੀ ਬਰਦਾਸ਼ਤ ਨਹੀਂ, ਕਿਸਾਨਾਂ ਨੂੰ ਮੁਸ਼ਕਲ ਆਈ ਤਾਂ ਹੋਵੇਗੀ ਕਾਰਵਾਈ : ਚੇਅਰਮੈਨ
ਚੇਅਰਮੈਨ ਰਣਜੀਤ ਚੀਮਾ ਨੇ ਪੱਟੀ ਦਾਣਾ ਮੰਡੀ ’ਚ ਕਣਕ ਦੇ ਖ੍ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Publish Date: Fri, 17 Apr 2026 06:10 PM (IST)
Updated Date: Sat, 18 Apr 2026 04:06 AM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਪੰਜਾਬ ਵਿਚ ਕਣਕ ਦੀ ਖ੍ਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੋਂ ਬਚਾਉਣ ਲਈ ਜਲ ਸਰੋਤ ਨਿਗਮ ਪੰਜਾਬ ਦੇ ਚੇਅਰਮੈਨ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਣਜੀਤ ਸਿੰਘ ਚੀਮਾ ਵੱਲੋਂ ਪੱਟੀ ਦਾਣਾ ਮੰਡੀ ਦਾ ਵਿਸਥਾਰ ਨਾਲ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਦਾਣਾ ਮੰਡੀ ਸਰਹਾਲੀ ਮੰਡ ਵਿਖੇ ਪਹੁੰਚ ਕੇ ਪ੍ਰਬੰਧਾਂ ਦੀ ਜਾਂਚ ਕੀਤੀ, ਉਥੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਚੇਅਰਮੈਨ ਰਣਜੀਤ ਚੀਮਾ ਨੇ ਦਾਣਾ ਮੰਡੀਆਂ ਵਿਚ ਮੌਜੂਦ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਇਸ ਦੌਰਾਨ ਕਿਸਾਨਾਂ ਵੱਲੋਂ ਮੁੱਖ ਤੌਰ ’ਤੇ ਫ਼ਸਲ ਦੀ ਤੋਲ ਵਿਚ ਦੇਰੀ, ਲਿਫਟਿੰਗ ਦੀ ਸੁਸਤੀ, ਬੋਰੀਆਂ ਦੀ ਘਾਟ, ਸਫਾਈ ਦੀ ਕਮੀ ਅਤੇ ਭੁਗਤਾਨ ਵਿਚ ਦੇਰੀ ਵਰਗੀਆਂ ਸਮੱਸਿਆਵਾਂ ਰੱਖੀਆਂ ਗਈਆਂ। ਇਸ ’ਤੇ ਚੀਮਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਫੌਰੀ ਨਿਪਟਾਰਾ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਮੰਡੀਆਂ ਵਿਚ ਆਉਣ ਵਾਲੀ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਅਤੇ ਖ੍ਰੀਦ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਤੇਜ਼ ਬਣਾਇਆ ਜਾਵੇਗਾ। ਚੀਮਾ ਨੇ ਮੰਡੀਆਂ ਵਿਚ ਬਿਜਲੀ, ਪੀਣ ਵਾਲਾ ਪਾਣੀ, ਸਾਫ਼-ਸਫਾਈ, ਛਾਂ ਦੀ ਵਿਵਸਥਾ, ਟਰਾਲੀਆਂ ਦੀ ਲਾਈਨਬੰਦੀ ਅਤੇ ਤੋਲ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕਿਸਾਨਾਂ ਨੂੰ ਕੋਈ ਮੁਸ਼ਕਿਲ ਆਈ ਤਾਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮਿਹਨਤ ਦੀ ਕਦਰ ਕਰਦੇ ਹੋਏ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਭੁਗਤਾਨ ਸਮੇਂ ਸਿਰ ਕਰਨ ਲਈ ਵੀ ਪੂਰੀ ਵਿਵਸਥਾ ਕੀਤੀ ਗਈ ਹੈ। ਅੰਤ ਵਿਚ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਅਰਥ ਵਿਵਸਥਾ ਕਿਸਾਨਾਂ ’ਤੇ ਨਿਰਭਰ ਕਰਦੀ ਹੈ ਅਤੇ ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਕਿਸਾਨਾਂ ਨੂੰ ਸੁਵਿਧਾਵਾਂ ਦੇ ਕੇ ਉਨ੍ਹਾਂ ਦੀ ਫ਼ਸਲ ਦੀ ਖਰੀਦ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਕੀਤੀ ਜਾਵੇ। ਇਸ ਮੌਕੇ ਗੁਰਜੀਤ ਸਿੰਘ ਮੱਲ੍ਹੀ ਸੈਕਟਰੀ ਮਾਰਕੀਟ ਕਮੇਟੀ ਪੱਟੀ, ਸੁਖਦੀਪ ਸਿੰਘ ਮੰਡ ਮੰਡੀ ਸੁਪਰਵਾਈਜ਼ਰ, ਅਰਵਿੰਦਰ ਸਿੰਘ ਮੈਨੇਜ਼ਰ ਵੇਅਰਹਾਊਸ, ਨਿਸ਼ਾਨ ਸਿੰਘ ਇੰਸ ਪਨਗ੍ਰੇਨ, ਚਰਨਜੀਤ ਸਿੰਘ ਇੰਸ ਮਾਰਗਫੈੱਡ, ਜਸਪਾਲ ਸਿੰਘ ਇੰਸ ਵੇਅਰਹਾਊਸ, ਪ੍ਰਭਜੋਤ ਸਿੰਘ ਇੰਸ ਪਨਸਪ, ਸੁਖਵਿੰਦਰ ਸਿੰਘ ਕੈਰੋਂ, ਸਰਬਜੀਤ ਸਿੰਘ ਕੈਰੋਂ, ਵਿਰਸਾ ਸਿੰਘ ਰੱਤਾ ਗੁੱਦਾ, ਸਿਮਰਨਜੀਤ ਸਿੰਘ ਚੀਮਾ ਆੜ੍ਹਤੀਆਂ, ਲਾਲੀ ਚੀਮਾ ਆੜਤੀਆਂ ਆਦਿ ਹਾਜਰ ਸਨ। --------- ਪੱਟੀ ਮਾਰਕੀਟ ਕਮੇਟੀ ਅਧੀਨ ਦਾਣਾ ਮੰਡੀਆਂ ’ਚ 75 ਹਜ਼ਾਰ, 690 ਕੁਇੰਟਲ ਕਣਕ ਦੀ ਖਰੀਦ ਮਾਰਕੀਟ ਕਮੇਟੀ ਪੱਟੀ ਅਧੀਨ ਆਉਣ ਵਾਲੀਆਂ ਵੱਖ-ਵੱਖ ਦਾਣਾ ਮੰਡੀਆਂ ਵਿਚ ਕਣਕ ਦੀ ਖਰੀਦ ਜ਼ੋਰਾਂ ’ਤੇ ਜਾਰੀ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਗੁਰਜੀਤ ਸਿੰਘ ਮੱਲੀ ਨੇ ਦੱਸਿਆ ਕਿ ਹੁਣ ਤਕ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕੁਲ 75 ਹਜ਼ਾਰ, 690 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੱਟੀ ਮੰਡੀ ਵਿਚ ਪਨਗ੍ਰੇਨ ਏਜੰਸੀ ਵੱਲੋਂ 17 ਹਜ਼ਾਰ ਕੁਇੰਟਲ, ਪਨਸਪ ਵੱਲੋਂ 8 ਹਜ਼ਾਰ, 500 ਕੁਇੰਟਲ, ਮਾਰਕਫੈਡ ਵੱਲੋਂ 7 ਹਜ਼ਾਰ ਕੁਇੰਟਲ ਅਤੇ ਵੇਅਰਹਾਊਸ ਵੱਲੋਂ 2 ਹਜ਼ਾਰ, 450 ਕੁਇੰਟਲ ਕਣਕ ਦੀ ਖ੍ਰੀਦ ਕੀਤੀ ਗਈ ਹੈ। ਇਸੇ ਤਰ੍ਹਾਂ ਘਰਿਆਲਾ ਮੰਡੀ ਵਿਚ ਪਨਗ੍ਰੇਨ ਵੱਲੋਂ 5 ਹਜ਼ਾਰ ਕੁਇੰਟਲ ਅਤੇ ਵੇਅਰਹਾਊਸ ਵੱਲੋਂ 4 ਹਜ਼ਾਰ, 500 ਕੁਇੰਟਲ ਕਣਕ ਖ੍ਰੀਦੀ ਗਈ ਹੈ। ਸਭਰਾ ਮੰਡੀ ਵਿਚ ਪਨਗ੍ਰੇਨ ਵੱਲੋਂ 15 ਹਜ਼ਾਰ ਕੁਇੰਟਲ ਅਤੇ ਪਨਸਪ ਵੱਲੋਂ 4 ਹਜ਼ਾਰ ਕੁਇੰਟਲ, ਜਦਕਿ ਦੁਬਲੀ ਮੰਡੀ ਵਿਚ ਵੇਅਰਹਾਊਸ ਵੱਲੋਂ 5 ਹਜ਼ਾਰ, 500 ਕੁਇੰਟਲ ਕਣਕ ਦੀ ਖ੍ਰੀਦ ਕੀਤੀ ਗਈ। ਕੋਟਬੁੱਢਾ ਮੰਡੀ ਵਿਚ ਪਨਗ੍ਰੇਟ ਵੱਲੋਂ 16 ਹਜ਼ਾਰ ਕੁਇੰਟਲ ਅਤੇ ਪਨਸਪ ਵੱਲੋਂ 8 ਹਜ਼ਾਰ, 500 ਕੁਇੰਟਲ ਕਣਕ ਖ੍ਰੀਦੀ ਗਈ ਹੈ। ਇਸ ਤੋਂ ਇਲਾਵਾ ਤੂਤ ਮੰਡੀ ਵਿਚ ਪਨਸਪ ਵੱਲੋਂ 10 ਹਜ਼ਾਰ, 650 ਕੁਇੰਟਲ ਅਤੇ ਭੰਗਾਲਾ ਦਾਣਾ ਮੰਡੀ ਵਿਚ 2 ਹਜ਼ਾਰ,750 ਕੁਇੰਟਲ ਕਣਕ ਦੀ ਖ੍ਰੀਦ ਦਰਜ ਕੀਤੀ ਗਈ ਹੈ। ਸਕੱਤਰ ਗੁਰਜੀਤ ਸਿੰਘ ਮੱਲੀ ਨੇ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਖ੍ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕੋਈ ਰੁਕਾਵਟ ਨਾ ਆਵੇ। ਕੈਪਸ਼ਨ - ਪੱਟੀ ਦਾਣਾ ਮੰਡੀ ’ਚ ਖ੍ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਰਣਜੀਤ ਸਿੰਘ ਚੇਅਰਮੈਨ ਜਲ ਸਰੋਤ ਵਿਭਾਗ ਪੰਜਾਬ। ਕੈਪਸ਼ਨ - ਸੈਕਟਰੀ ਗੁਰਜੀਤ ਸਿੰਘ ਮੱਲੀ ਜਾਣਕਾਰੀ ਦਿੰਦੇ ਹੋਏ।