- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਸਲੀ ਰਹਿੰਦ ਖੂੰਹਦ ਨੂੰ ਖੇਤਾਂ ’ਚ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ - ਐੱਸਡੀਐੱਮ ਖਡੂਰ ਸਾਹਿਬ

ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਸਾਡਾ ਮੁੱਢਲਾ ਫਰਜ਼ : ਡਾ. ਭੁਪਿੰਦਰ ਸਿੰਘ
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਸੀਆਰਐੱਮ ਸਕੀਮ ਅਧੀਨ ਖੇਤੀਬਾੜੀ ਵਿਭਾਗ ਵੱਲੋਂ ਖੇਤੀਬਾੜੀ ਦਫ਼ਤਰ ਖਡੂਰ ਸਾਹਿਬ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਇਹ ਕੈਂਪ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਡਾ. ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਵੱਲੋਂ ਕੀਤਾ ਗਿਆ। ਇਸ ਕੈਂਪ ਵਿਚ ਉਪ ਮੰਡਲ ਮੈਜਿਸਟਰੇਟ ਖਡੂਰ ਸਾਹਿਬ ਸੰਜੀਵ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਅੱਗ ਲਾਉਣ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਵਾਤਾਵਰਨ ਗੰਧਲਾ ਹੁੰਦਾ ਹੈ। ਅੱਗ ਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਖੇਤੀਬਾੜੀ ਅਫਸਰ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਅਤੇ ਸਕੀਮਾਂ ਦਾ ਲਾਭ ਲੈ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਫ਼ਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਦਬਾ ਕੇ ਵਾਤਾਵਰਣ ਦੀ ਰੱਖਿਆ ਕੀਤੀ ਜਾਵੇ।
ਇਸ ਕੈਂਪ ਵਿਚ ਫਾਰਮ ਸੇਵਾ ਅਤੇ ਸਲਾਹਕਾਰ ਕੇਂਦਰ ਤੋਂ ਪਹੁੰਚੇ ਡਾ. ਪਰਮਿੰਦਰ ਸਿੰਘ, ਡਾ. ਪਰਮਿੰਦਰ ਕੌਰ, ਡਾ. ਸਵਰੀਤ ਕੌਰ ਨੇ ਕਿਸਾਨਾਂ ਨੂੰ ਝੋਨੇ ਦੀਆਂ ਸਿਫਾਰਸ਼ੁਦਾ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨ, ਫ਼ਲਦਾਰ ਬੂਟਿਆਂ ਦੀ ਸਾਂਭ-ਸੰਭਾਲ, ਸਾਉਣੀ ਦੇ ਬੀਜਾਂ ਦੀ ਬੀਜ ਸੋਧ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਕਣਕ ਦੇ ਨਾੜ ਨੂੰ ਅੱਗ ਨਾਲ ਸਾੜਨ ਦੇ ਨੁਕਸਾਨਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਵਿਕਲਪਕ ਤਕਨੀਕਾਂ ਬਾਰੇ ਜਾਣੂੰ ਕਰਵਾਉਣਾ ਹੈ।
ਇਸ ਮੌਕੇ ਕੈਂਪ ਵਿਚ ਹਾਜ਼ਰ ਨੋਡਲ ਅਤੇ ਕਲੱਸਟਰ ਅਫ਼ਸਰਾਂ ਨੂੰ ਸਟੱਬਲ ਬਰਨਿੰਗ ਦੀ ਵਿਸ਼ੇਸ਼ ਟਰੇਨਿੰਗ ਡਾ.ਯਾਦਵਿੰਦਰ ਸਿੰਘ ਵੱਲੋਂ ਦਿੱਤੀ ਗਈ, ਤਾਂ ਜੋ ਉਹ ਪਿੰਡ ਪੱਧਰ ’ਤੇ ਕਿਸਾਨਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਸਕਣ। ਉਨ੍ਹਾਂ ਦੱਸਿਆ ਕਿ ਨਾੜ ਨੂੰ ਅੱਗ ਲਗਾਉਣ ਨਾਲ ਮਿੱਟੀ ਦੇ ਲਾਭਦਾਇਕ ਜੀਵਾਣੂ ਨਸ਼ਟ ਹੋ ਜਾਂਦੇ ਹਨ, ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਵਾਤਾਵਰਣ ਵਿਚ ਭਾਰੀ ਪ੍ਰਦੂਸ਼ਣ ਫੈਲਦਾ ਹੈ, ਜਿਸ ਨਾਲ ਮਨੁੱਖੀ ਸਿਹਤ ‘ਤੇ ਵੀ ਬੁਰਾ ਅਸਰ ਪੈਂਦਾ ਹੈ।
ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਾੜ ਸਾੜਨ ਦੀ ਪ੍ਰਥਾ ਨੂੰ ਛੱਡ ਕੇ ਵਾਤਾਵਰਣ-ਮਿੱਤਰ ਤਰੀਕੇ ਅਪਣਾਉਣ ਅਤੇ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ, ਤਾਂ ਜੋ ਖੇਤੀ ਨੂੰ ਲਾਭਕਾਰੀ ਅਤੇ ਟਿਕਾਊ ਬਣਾਇਆ ਜਾ ਸਕੇ।
ਇਸ ਕੈਂਪ ਵਿਚ ਖੇਤੀਬਾੜੀ ਵਿਸਥਾਰ ਅਫਸਰ ਡਾ. ਰੁਪਿੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਖੇਤੀਬਾੜੀ ਉਪ ਨਿਰੀਖਕ ਸਿਮਰਨਜੀਤ ਸਿੰਘ , ਅਵਤਾਰ ਸਿੰਘ, ਸਤਨਾਮ ਸਿੰਘ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ, ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਕਰਮ ਸਿੰਘ ਬੇਲਦਾਰ, ਬਲਦੇਵ ਸਿੰਘ, ਰਣਸ਼ੇਰ ਸਿੰਘ, ਹਰਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਹੀਰਾ ਸਿੰਘ, ਰਵੇਲ ਸਿੰਘ, ਹਰਪ੍ਰੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ, ਸੰਦੀਪ ਸਿੰਘ, ਗੁਰਮੀਤ ਸਿੰਘ, ਹਰਭਜਨ ਸਿੰਘ, ਭੁਪਿੰਦਰ ਸਿੰਘ ਅਤੇ ਇਲਾਕੇ ਦੇ ਅਗਾਂਹ ਵਧੂ ਕਿਸਾਨ ਹਾਜ਼ਰ ਸਨ।