ਚੋਰਾਂ ਦਾ ਕਹਿਰ, ਇੱਕੋ ਰਾਤ ’ਚ 2 ਦੁਕਾਨਾਂ ਦੇ ਭੰਨੇ ਸ਼ਟਰ
ਅੱਡਾ ਸ਼ਾਹਬਾਜ਼ਪੁਰ ’ਚ ਚੋਰਾਂ ਦਾ ਕਹਿਰ ਇੱਕੋ ਰਾਤ ’ਚ ਦੋ ਦੁਕਾਨਾਂ ਦੇ ਭੰਨੇ ਸ਼ਟਰ
Publish Date: Thu, 16 Apr 2026 07:45 PM (IST)
Updated Date: Fri, 17 Apr 2026 04:18 AM (IST)

ਬੇਖੌਫ ਚੋਰਾਂ ਨੇ ਡਾਕਖਾਨੇ ਦਾ ਸ਼ਟਰ ਤੋੜਿਆ ’ਤੇ ਅੰਦਰ ਬੈਠ ਕੇ ਪੀਤੀ ਸ਼ਰਾਬ ਮਦਨ ਲਾਲ, •ਪੰਜਾਬੀ ਜਾਗਰਣ, ਸ਼ਾਹਬਾਜਪੁਰ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਸ਼ਾਹਬਾਜ਼ਪੁਰ ਵਿਖੇ ਚੋਰਾਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਏ ਦਿਨ ਚੋਰੀ ਦੀਆਂ ਘਟਨਾਵਾਂ ਨਾਲ ਲੋਕਾਂ ਦੇ ਸਾਹ ਸੂਤੇ ਹੋਏ ਹਨ। ਦੁਕਾਨਦਾਰ ਰਾਤ ਦੁਕਾਨਾਂ ਬੰਦ ਕਰਕੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਚੋਰਾਂ ਦਾ ਡਰ ਸਤਾਉਣ ਲੱਗ ਜਾਂਦਾ ਹੈ। ਤਾਜ਼ਾ ਮਾਮਲਾ ਲੰਘੀ ਰਾਤ ਸਾਹਮਣੇ ਆਇਆ ਜਦੋਂਕਿ ਅੱਧੀ ਰਾਤ ਚੋਰਾਂ ਨੇ ਸ਼ਾਹਬਾਜ਼ਪੁਰ ਦੇ ਅੱਡੇ ’ਤੇ ਸਥਿਤ ਦੋ ਦੁਕਾਨਾਂ ਨੂੰ ਨਿਸ਼ਾਨਾਂ ਬਣਾਉਂਦਿਆਂ ਲੱਖਾਂ ਦਾ ਸਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਦੇਵ ਕਰਿਆਨਾ ਸਟੋਰ ਦੇ ਮਾਲਕ ਸਰਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਵੇਰੇ ਦੁਕਾਨ ਖੋਲ੍ਹਣ ਪੁੱਜਾ ਤਾਂ ਵੇਖਿਆ ਕਿ ਦੁਕਾਨ ਦਾ ਸ਼ਟਰ ਚੁੱਕਿਆ ਹੋਇਆ ਸੀ। ਜਦੋਂਕਿ ਦੁਕਾਨ ਦੇ ਅੰਦਰੋਂ ਕਰੀਬ ਸਵਾ ਲੱਖ ਰੁਪਏ ਦਾ ਸਮਾਨ ਜਿਸ ਵਿਚ ਦੇਸੀ ਘਿਓ, ਹਰੀਆਂ ਲਾਚੀਆਂ, ਬਦਾਮ, ਕਾਜੂ, ਐੱਲਸੀਡੀ 55 ਇੰਚ ਆਦਿ ਚੋਰੀ ਹੋ ਚੁੱਕਾ ਸੀ। ਇਸੇ ਤਰ੍ਹਾਂ ਕੇਅਰ ਐਂਡ ਕਿਓਰ ਹੋਮਿਓਪੈਥੀ ਦੇ ਮਾਲਕ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿੱਚੋਂ ਸੱਤ ਹਜ਼ਾਰ ਰੁਪਏ ਨਕਦ, ਇਨਵਰਟਰ ਤੇ ਬੈਟਰਾ ਚੋਰ ਲੈ ਗਏ ਹਨ। ਉਨ੍ਹਾਂ ਨੇ ਕਿਹਾ ਕਿ ਚੋਰ ਇਨ੍ਹੇਂ ਬੇਖੌਫ ਸਨ ਕਿ ਉਨ੍ਹਾਂ ਨੇ ਸ਼ਾਹਬਾਜ਼ਪੁਰ ਦੇ ਡਾਕਖਾਨੇ ਦਾ ਸ਼ਟਰ ਭੰਨ ਕੇ ਅੰਦਰ ਪਏ ਪਾਰਸਲ ਵੀ ਫਰੋਲੇ ਅਤੇ ਅੰਦਰ ਬੈਠ ਕੇ ਸ਼ਰਾਬ ਵੀ ਪੀਤੀ। ਉਕਤ ਦੁਕਾਨਦਾਰਾਂ ਨੇ ਘਟਨਾ ਦੀ ਸੂਚਨਾ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੂੰ ਦਿੰਦਿਆਂ ਮੰਗ ਕੀਤੀ ਕਿ ਚੋਰਾਂ ਦਾ ਜਲਦ ਪਤਾ ਲਗਾ ਕੇ ਉਨ੍ਹਾਂ ਦਾ ਸਮਾਨ ਬਰਾਮਦ ਕਰਵਾਇਆ ਜਾਵੇ ਅਤੇ ਚੋਰਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਇਥੇ ਦੱਸਣਯੋਗ ਹੈ ਕਿ ਅੱਡੇ ਵਿਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਤੇ ਹਾਲੇ ਤਕ ਕੋਈ ਵੀ ਚੋਰ ਕਾਬੂ ਨਹੀਂ ਆਇਆ ਹੈ। ਅੱਡੇ ਦੇ ਸਾਰੇ ਦੁਕਾਨਦਾਰਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਇਥੇ ਪੁਲਿਸ ਨਾਕੇ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਚੋਰੀ ਦੀਆਂ ਘਟਨਾਵਾਂ ਰੁਕ ਸਕਣ। ਦੂਜੇ ਪਾਸੇ ਸਥਾਨਕ ਪੁਲਿਸ ਨੇ ਕਿਹਾ ਕਿ ਚੋਰੀ ਦੀ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਚੋਰਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।