ਟੈੱ
ਟਟ ਲਈ ਅਧਿਆਪਕਾਂ ਦੇ ਸੈਂਟਰ 300 ਕਿਲੋਮੀਟਰ ਦੂਰ : ਗੋਹਲਵੜ
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਲਈ ਅਧਿਆਪਕਾਂ ਦੇ ਸੈਂਟਰ 300 ਕਿਲੋਮੀਟਰ ਦੂਰ : ਗੋਹਲਵੜ
Publish Date: Thu, 16 Apr 2026 06:28 PM (IST)
Updated Date: Fri, 17 Apr 2026 04:15 AM (IST)

ਕਿਹਾ- ਮਾਸਟਰ ਦਾ ਮੁੰਡਾ ਹੀ ਮਾਸਟਰਾਂ ਨੂੰ ਕਰ ਰਿਹਾ ਖੱਜਲ-ਖੁਆਰ ਪੰਜਾਬ ਸਰਕਾਰ ਵਿਰੁੱਧ ਅਧਿਆਪਕ ਜਥੇਬੰਦੀਆਂ ਨੇ ਖੋਲ੍ਹਿਆ ਮੋਰਚਾ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਲੈ ਕੇ ਸੂਬੇ ਦੇ ਅਧਿਆਪਕਾਂ ਵਿਚ ਸਰਕਾਰ ਪ੍ਰਤੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਲੰਬੇ ਸਮੇਂ ਤੋਂ ਵਿਭਾਗੀ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਨੇ ਦੋਸ਼ ਲਾਇਆ ਹੈ ਕਿ ਇਕ ਪਾਸੇ ਉਨ੍ਹਾਂ ’ਤੇ ਜਬਰੀ ਟੈਸਟ ਥੋਪਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਪ੍ਰੀਖਿਆ ਕੇਂਦਰ 250 ਤੋਂ 300 ਕਿਲੋਮੀਟਰ ਦੂਰ ਬਣਾ ਕੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਧਿਆਪਕ ਵਰਗ ਵਿਚ ਇਸ ਗੱਲ ਨੂੰ ਲੈ ਕੇ ਵਿਸ਼ੇਸ਼ ਰੋਸ ਹੈ ਕਿ ਖੁਦ ਨੂੰ ਮਾਸਟਰ ਦਾ ਮੁੰਡਾ ਅਖਵਾਉਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੌਰਾਨ ਅਧਿਆਪਕਾਂ ਨੂੰ ਇਨ੍ਹੀਂ ਨਮੋਸ਼ੀ ਝੱਲਣੀ ਪੈ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿਚ ਚੰਡੀਗੜ੍ਹ ਵਿਖੇ ਸੈਂਟਰ ਬਣਾ ਦਿੱਤੇ ਗਏ ਹਨ, ਜੋ ਕਿ ਸਰਹੱਦੀ ਅਤੇ ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਤੋਂ ਬਹੁਤ ਜ਼ਿਆਦਾ ਦੂਰੀ ਤੇ ਹਨ। ਅਧਿਆਪਕਾਂ ਨੇ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਪ੍ਰੀਖਿਆ ਦੀ ਤਿਆਰੀ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ ਸੀ। ਸ਼ਨੀਵਾਰ ਤਕ ਸਕੂਲ ਲੱਗੇ ਹੋਣ ਕਾਰਨ ਅਧਿਆਪਕਾਂ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ। ਰੋਲ ਨੰਬਰ ਜਾਰੀ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਸੈਂਟਰ ਸੈਂਕੜੇ ਕਿਲੋਮੀਟਰ ਦੂਰ ਹਨ। ਜਿਨ੍ਹਾਂ ਅਧਿਆਪਕਾਂ ਕੋਲ ਨਿੱਜੀ ਸਾਧਨ ਨਹੀਂ ਹਨ, ਉਨ੍ਹਾਂ ਨੂੰ ਜਾਂ ਤਾਂ ਇਕ ਦਿਨ ਪਹਿਲਾਂ ਹੋਟਲਾਂ ਵਿਚ ਰੁਕਣਾ ਪਵੇਗਾ ਜਾਂ ਫਿਰ ਅੱਧੀ ਰਾਤ ਜਾਂ ਤੜਕੇ 4 ਵਜੇ ਕਿਰਾਏ ਦੀਆਂ ਗੱਡੀਆਂ ਕਰਕੇ ਨਿਕਲਣਾ ਪਵੇਗਾ। ਸਰਕਾਰ ਅਧਿਆਪਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਖੱਜਲ-ਖੁਆਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਨ੍ਹੀਂ ਦੂਰ ਸੈਂਟਰ ਬਣਾਉਣਾ ਅਧਿਆਪਕ ਵਿਰੋਧੀ ਮਾਨਸਿਕਤਾ ਦਾ ਸਬੂਤ ਹੈ। ਵੱਖ-ਵੱਖ ਅਧਿਆਪਕ ਯੂਨੀਅਨਾਂ ਨੇ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਪ੍ਰੀਖਿਆ ਨੂੰ ਤੁਰੰਤ ਮੁਲਤਵੀਂ ਕੀਤਾ ਜਾਵੇ ਅਤੇ ਨਵੇਂ ਰੋਲ ਨੰਬਰ ਜਾਰੀ ਕਰ ਕੇ ਅਧਿਆਪਕਾਂ ਦੇ ਸੈਂਟਰ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਜਾਂ ਗੁਆਂਢੀ ਜ਼ਿਲ੍ਹੇ ਵਿਚ ਬਣਾਏ ਜਾਣ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਬੀਐੱਡ ਅਧਿਆਪਕ ਫਰੰਟ ਤਰਨਤਾਰਨ ਪ੍ਰਭਜੋਤ ਸਿੰਘ ਗੋਹਲਵੜ ਨੇ ਦੱਸਿਆ ਕਿ ਕੱਲ੍ਹ ਸਿੱਖਿਆ ਸਕੱਤਰ ਸੋਨਾਲੀ ਗਿਰੀ ਨਾਲ ਹੋਈ ਮੀਟਿੰਗ ਵਿਚ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਪ੍ਰੀਖਿਆ ਕੇਂਦਰ ਜ਼ਿਲ੍ਹਾ ਪੱਧਰ ’ਤੇ ਹੀ ਬਣਾਏ ਜਾਣਗੇ। ਪਰ ਅੱਜ ਜਦੋਂ ਰੋਲ ਨੰਬਰ ਜਾਰੀ ਕੀਤੇ ਗਏ ਤਾਂ ਇਹ ਵੱਡੇ ਪੱਧਰ ’ਤੇ ਚੰਡੀਗੜ੍ਹ ਵਿਚ ਬਣਾ ਦਿੱਤੇ ਗਏ। ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ ਅਤੇ ਜ਼ਿਲ੍ਹਾ ਕਮੇਟੀ ਬੀਐੱਡ ਅਧਿਆਪਕ ਫਰੰਟ ਤਰਨਤਾਰਨ ਅਤੇ ਵੱਖ-ਵੱਖ ਭਰਾਂਤਰੀ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਅਧਿਆਪਕ ਜਥੇਬੰਦੀਆਂ ਸਰਕਾਰ ਨੂੰ ਪੂਰੀ ਤਰ੍ਹਾਂ ਸਬਕ ਸਿਖਾਉਣਗੀਆਂ।