ਗਊ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਲਈ ਮੁਹਿੰਮ ਦਾ ਆਗਾਜ਼
ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਲਈ ਮੁਹਿੰਮ ਦਾ ਆਗਾਜ਼
Publish Date: Thu, 16 Apr 2026 06:25 PM (IST)
Updated Date: Fri, 17 Apr 2026 04:15 AM (IST)

27 ਨੂੰ ਫਾਰਮ ਰੰਗ-ਬਰੰਗੇ ਕੱਪੜਿਆਂ ’ਚ ਲਪੇਟ ਕੇ ਐੱਸਡੀਐੱਮ ਰਾਹੀਂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ ਮਹਾ-ਨਿਰਵਾਣੀ ਪੰਚਾਇਤੀ ਅਖਾੜਾ ਹਰਿਦੁਆਰ ਦੇ ਪ੍ਰਸਿੱਧ ਧਾਰਮਿਕ ਪ੍ਰਚਾਰਕ ਸੁਆਮੀ ਹਰੀ ਨਰਾਇਣ ਗਿਰੀ ਮਹਾਰਾਜ ਵੱਲੋਂ ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਲਈ ਦੇਸ਼-ਪੱਧਰੀ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਉਹ ਹਰਿਦੁਆਰ ਤੋਂ ਪੱਟੀ ਵਿਖੇ ਦਿ ਯੰਗ ਮੈਨ ਰਾਮਾ ਕ੍ਰਿਸ਼ਨਾ ਕਲੱਬ ਵਿਚ ਪਹੁੰਚੇ, ਜਿਥੇ ਕਲੱਬ ਮੈਂਬਰਾਂ ਵੱਲੋਂ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਆਪਣੇ ਪ੍ਰਭਾਵਸ਼ਾਲੀ ਪ੍ਰਵਚਨਾਂ ਦੌਰਾਨ ਸੁਆਮੀ ਨੇ ਕਿਹਾ ਕਿ ਗਊ ਮਾਤਾ ਦੀ ਰੱਖਿਆ ਹਰ ਭਾਰਤੀ ਦੀ ਜ਼ਿੰਮੇਵਾਰੀ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਗਊਆਂ ਦੇ ਕਤਲ ਹੋਣ ਦੀਆਂ ਘਟਨਾਵਾਂ ਚਿੰਤਾਜਨਕ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਧਾਰਮਿਕ ਸਭਾਵਾਂ ਅਤੇ ਵੱਖ-ਵੱਖ ਸੰਸਥਾਵਾਂ ਵਿਚ ਜਾ ਕੇ ਲੋਕਾਂ ਤੋਂ ਦਸਤਖ਼ਤ ਇਕੱਠੇ ਕੀਤੇ ਜਾਣਗੇ। 27 ਅਪ੍ਰੈਲ ਨੂੰ ਇਹ ਫਾਰਮ ਰੰਗ-ਬਰੰਗੇ ਕੱਪੜਿਆਂ ਵਿਚ ਲਪੇਟ ਕੇ ਸਮੂਹਿਕ ਤੌਰ ’ਤੇ ਐੱਸਡੀਐੱਮ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ। ਸੁਆਮੀ ਨੇ ਕਿਹਾ ਕਿ ਇਹ ਮੁਹਿੰਮ ਤਹਿਸੀਲ ਤੋਂ ਜ਼ਿਲ੍ਹਾ ਤੇ ਫਿਰ ਰਾਜ ਪੱਧਰ ਤਕ ਚਲਾਈ ਜਾਵੇਗੀ, ਜਿਸ ਵਿਚ ਦੇਸ਼ ਭਰ ਦੇ ਲੋਕ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵੱਲੋਂ ਇਸ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਨਾ ਕੀਤਾ ਗਿਆ ਤਾਂ ਦੇਸ਼-ਪੱਧਰੀ ਸ਼ਾਂਤਮਈ ਧਾਰਮਿਕ ਅੰਦੋਲਨ ਵੀ ਕੀਤਾ ਜਾਵੇਗਾ, ਜਿਸ ਵਿਚ ਸੰਤ-ਮਹਾਤਮਾ ਅਤੇ ਸੰਗਤ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਕੂਲਾਂ, ਫੈਕਟਰੀਆਂ ਅਤੇ ਪਿੰਡਾਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇ, ਤਾਂ ਜੋ ਗਊ ਮਾਤਾ ਨੂੰ ਸੰਵਿਧਾਨਕ ਦਰਜਾ ਮਿਲ ਸਕੇ। ਉਨ੍ਹਾਂ ਕਿਹਾ ਕਿ ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਮਿਲਣ ਨਾਲ ਉਸ ਦੀ ਰੱਖਿਆ ਲਈ ਸਖ਼ਤ ਕਾਨੂੰਨ ਬਣ ਸਕਦੇ ਹਨ ਅਤੇ ਸਮਾਜ ਵਿਚ ਧਾਰਮਿਕ ਅਤੇ ਨੈਤਿਕ ਮੁੱਲ ਮਜ਼ਬੂਤ ਹੋਣਗੇ। ਇਸ ਮੌਕੇ ਕਲੱਬ ਵੱਲੋਂ ਵਿਜੇ ਕੁਮਾਰ ਸ਼ਰਮਾ ਨੂੰ ਤਹਿਸੀਲ ਪ੍ਰਭਾਰੀ ਅਤੇ ਦਵਿੰਦਰ ਐੱਨਆਰ ਨੂੰ ਸਹਾਇਕ ਤਹਿਸੀਲ ਪ੍ਰਭਾਰੀ ਨਿਯੁਕਤ ਕੀਤਾ ਗਿਆ। ਇਸ ਸਮਾਗਮ ਵਿਚ ਚੇਅਰਮੈਨ ਵਿਜੇ ਸ਼ਰਮਾ, ਰਕੇਸ਼ ਪਾਠਕ ਪ੍ਰਧਾਨ, ਭਵਨ ਕੁਮਾਰ ਟਾਹ, ਚੰਦਰ ਮੋਹਨ ਤੇਜ਼ੀ, ਦੇਵੀ ਦੱਤਾ, ਮਹੰਤ ਗੌਰਵ ਗਿਰੀ, ਲੱਕੀ ਪੰਡਿਤ, ਰਕੇਸ਼ ਟੋਨੀ, ਕੁਲਦੀਪ ਰਾਏ ਸ਼ਰਮਾ ਅਤੇ ਕਲੱਬ ਦੇ ਮੈਂਬਰ ਹਾਜਰ ਸਨ।