ਆੜ੍ਹਤੀਆਂ ਦੀ ਕਣਕ ਖ਼ਰੀਦ ਸਬੰਧੀ ਹੋਈ ਮੀਟਿੰਗ
ਤਰਨਤਾਰਨ ਜ਼ਿਲ੍ਹੇ ਦੇ ਆੜ੍ਹਤੀਆਂ ਦੀ ਕਣਕ ਖ਼ਰੀਦ ਸਬੰਧੀ ਪਹੁਵਿੰਡ ’ਚ ਹੋਈ ਮੀਟਿੰਗ
Publish Date: Thu, 16 Apr 2026 06:23 PM (IST)
Updated Date: Fri, 17 Apr 2026 04:15 AM (IST)
ਰਾਜਨ ਚੋਪੜਾ•, ਪੰਜਾਬੀ ਜਾਗਰਣ, ਭਿੱਖੀਵਿੰਡ ਭਾਵੇਂ ਕੇ ਸਰਕਾਰ ਨੇ ਕਣਕ ਦੀ ਖਰੀਦ ਇਕ ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ, ਪਰ 15 ਦਿਨ ਬੀਤ ਜਾਣ ਦੇ ਬਾਅਦ ਵੀ ਇਸ ਸਾਲ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਨਹੀਂ ਹੋਇਆ, ਜਿਸ ਕਰ ਕੇ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ ਹਨ। ਇਸ ਸਬੰਧੀ ਤਰਨਤਾਰਨ ਜ਼ਿਲ੍ਹੇ ਦੇ ਸਮੂਹ ਆੜ੍ਹਤੀਆਂ ਦੀ ਮੀਟਿੰਗ ਭਿੱਖੀਵਿੰਡ ਨਜ਼ਦੀਕ ਗੁਰਦੁਆਰਾ ਪਹੁਵਿੰਡ ’ਚ ਕੀਤੀ ਗਈ, ਜਿਸ ’ਚ ਕਣਕ ਦੀ ਖਰੀਦ ਜਲਦੀ ਸ਼ੁਰੂ ਕਰਨ ਲਈ ਸਰਕਾਰ ਤੇ ਸਮੂਹ ਇੰਸਪੈਕਟਰਾਂ ਨੂੰ ਅਪੀਲ ਕੀਤੀ ਗਈ। ਇਸ ਮੌਕੇ ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਤਰਨਤਾਰਨ ਦੇ ਪ੍ਰਧਾਨ ਕੁਲਬੀਰ ਸਿੰਘ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਵਿਚ 59 ਮੰਡੀਆਂ ਹਨ, ਜਿਨ੍ਹਾਂ ਰਾਹੀਂ ਡੇਢ ਕਰੋੜ ਬੈਗ ਕਣਕ ਖਰੀਦ ਕੀਤੀ ਜਾਂਦੀ ਹੈ। ਪਰ ਇਸ ਵਾਰ ਅਜੇ ਤਕ ਇਹ ਖਰੀਦ ਸ਼ੁਰੂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਖਰੀਦ ਸ਼ੁਰੂ ਹੁੰਦੀ ਹੈ, ਤਾਂ ਪ੍ਰਸ਼ਾਸਨ ਲਿਫਟਿੰਗ ਦੇ ਪ੍ਰਬੰਧ ਵੀ ਸੁਚਾਰੂ ਕਰੇ, ਤਾਂ ਜੋ ਕਿਸਾਨਾਂ ਅਤੇ ਆੜਤੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ।