ਡਾ. ਅੰਬੇਡਕਰ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਸਨ : ਦੇਵੀ ਕੁਮਾਰੀ
ਡਾ. ਅੰਬੇਡਕਰ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਸਨ - ਦੇਵੀ ਕੁਮਾਰੀ ਸਰਹਾਲੀ ਕਲਾਂ
Publish Date: Thu, 16 Apr 2026 06:10 PM (IST)
Updated Date: Fri, 17 Apr 2026 04:13 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਚੋਹਲਾ ਸਾਹਿਬ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਦਲਬੀਰ ਸਿੰਘ ਸਰਹਾਲੀ ਕਲਾਂ, ਸਰਵਨ ਸਿੰਘ ਕਿਰਤੋਵਾਲ ਕਲਾਂ ਦੀ ਅਗਵਾਈ ਵਿਚ ਪਿੰਡ ਕਿਰਤੋਵਾਲ ਕਲਾਂ ’ਚ ਸਭਾ ਦੇ ਆਗੂਆਂ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਉਤਸ਼ਾਹ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਰਨਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਜਿਥੇ ਦਲਿਤ ਲੋਕਾਂ ਦੀ ਬਿਹਤਰੀ ਲਈ ਕਾਰਜਾਂ ਨੂੰ ਸਮਰਪਿਤ ਸਨ, ਉਥੇ ਉਹ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਸਨ। ਦਲਿਤ ਲੋਕਾਂ ਨੂੰ ਆਪਣੀ ਹੋਣੀ ਦੇ ਆਪ ਮਾਲਕ ਬਣਨ ਲਈ ਡਾ. ਅੰਬੇਡਕਰ ਨੇ ਸਿੱਖਿਆ ਪ੍ਰਾਪਤ ਕਰਨ, ਸੰਗਠਤ ਹੋਣ ਅਤੇ ਸੰਘਰਸ਼ਾਂ ਦੇ ਪਾਂਧੀ ਬਣਨ ਦਾ ਮਹੱਤਵਪੂਰਨ ਰਸਤਾ ਦਿਖਾਇਆ। ਇਸ ਦੇ ਚੰਗੇ ਅਸਰ ਵੀ ਨਜ਼ਰ ਆਏ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦਲਿਤ ਵਰਗ ਪ੍ਰਤੀ ਆਪਣੇ ਫਰਜ਼ਾਂ ਤੋਂ ਅਵੇਸਲਿਆ ਰਹਿ ਕੇ ਡਾ. ਅੰਬੇਡਕਰ ਨਾਲ ਧੋਖਾ ਕੀਤਾ ਹੈ। ਡਾ. ਅੰਬੇਡਕਰ ਦੇ ਸੁਪਨਿਆਂ ਦੀ ਪੂਰਤੀ ਦੇ ਰਾਹ ਵਿਚ ਅੱਜ ਵੀ ਅੜਿੱਕੇ ਡਾਹੇ ਜਾ ਰਹੇ ਹਨ। ਕਾਮਰੇਡ ਸਰਹਾਲੀ ਕਲਾਂ ਨੇ ਕਿਹਾ ਕਿ ਦਲਿਤ ਔਰਤਾਂ ਨੂੰ ਆਪਣੇ ਹੱਕ ਪਛਾਨਣ ਲਈ ਹਮੇਸ਼ਾਂ ਉਨ੍ਹਾਂ ਨੇ ਪ੍ਰੇਰਤ ਕੀਤਾ ਹੈ। ਡਾਕਟਰ ਅੰਬੇਡਕਰ ਨੇ ਭਾਰਤ ਦੇ ਸੰਵਿਧਾਨ ਵਿਚ ਦਲਿਤ ਵਰਗ ਦੇ ਹਿੱਤਾਂ ਲਈ ਇਤਿਹਾਸਕ ਕੰਮ ਕੀਤਾ। ਦਲਿਤ ਵਰਗ ਦੇ ਹੱਕ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਮੌਜੂਦਾ ਦੌਰ ਵਿਚ ਭਾਜਪਾ ਅਤੇ ਕੇਂਦਰ ਦੇ ਹਾਕਮਾਂ ਵੱਲੋਂ ਸੰਵਿਧਾਨ ਨੂੰ ਬਦਲ ਦੇਣ ਦੇ ਮਨਸੂਬੇ ਘੜੇ ਜਾ ਰਹੇ ਹਨ। ਇਸ ਲਈ ਸਿੱਖਿਅਤ ਤੇ ਸੰਗਠਿਤ ਹੋਣ ਦੀ ਪਹਿਲਾਂ ਨਾਲੋਂ ਵਧੇਰੇ ਲੋੜ ਹੈ। ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਜ਼ਦੂਰ ਵਰਗ ਅਨੇਕਾਂ ਸਮੱਸਿਆਵਾਂ ਵਿਚ ਘਿਰਿਆ ਹੋਇਆ ਹੈ। ਇਸ ਵਰਗ ਵਿਚ ਵਧੇਰੇ ਗਿਣਤੀ ਦਲਿਤ ਲੋਕਾਂ ਦੀ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਏਹੋ ਹੋਵੇਗੀ ਕਿ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਅੱਗੇ ਵਧਿਆ ਜਾਵੇ। ਇਸ ਮੌਕੇ ਸੁਖਦੇਵ ਸਿੰਘ, ਨਛੱਤਰ ਸਿੰਘ, ਸੋਨਾ ਸਿੰਘ, ਨੀਤੂ, ਸਰਬਜੀਤ ਕੌਰ, ਸੋਮਾ, ਕਿਰਤੋਵਾਲ ਕਲਾ, ਕਸ਼ਮੀਰ ਸਿੰਘ, ਮਨਪ੍ਰੀਤ ਕੌਰ, ਬਲਜਿੰਦਰ ਕੌਰ, ਸੀਮਾ ਸਰਹਾਲੀ ਕਲਾਂ ਆਦਿ ਹਾਜ਼ਰ ਸਨ।