ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਦਸਤਾਰ ਮੁਕਾਬਲੇ
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ’ਚ ਕਰਵਾਏ ਜੋਨਲ ਦਸਤਾਰ ਮੁਕਾਬਲੇ
Publish Date: Thu, 16 Apr 2026 06:05 PM (IST)
Updated Date: Fri, 17 Apr 2026 04:13 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਰਨਤਾਰਨ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਸਜਾਉਣ ਦੇ ਜੋਨਲ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਤਰਨਤਾਰਨ ਜ਼ੋਨ ਦੇ ਦਸ ਸਕੂਲਾਂ ਨੇ ਭਾਗ ਲਿਆ, ਜਿਸ ਵਿਚ ਤਰਨਤਾਰਨ, ਪੱਟੀ, ਸੁਰਸਿੰਘ, ਨੌਸ਼ਹਿਰਾ ਪਨੂੰਆ, ਘਸੀਟਪੁਰ, ਬੁਰਜ਼ ਮਹਾਰਾਣਾ, ਝਬਾਲ, ਕਸੇਲ, ਪਿੱਦੀ ਅਤੇ ਨੱਥੂਪੁਰ ਸਕੂਲ ਸ਼ਾਮਿਲ ਸਨ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤਰਲੋਚਨ ਸਿੰਘ, ਗੁਰਭੇਜ ਸਿੰਘ ਅਤੇ ਜੀਟੀ ਰੋਡ ਅੰਮ੍ਰਿਤਸਰ ਦੀ ਧਾਰਮਿਕ ਅਧਿਆਪਕਾ ਬੀਬੀ ਸੁਖਜੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜਰ ਸਨ। ਸਾਰਾ ਪ੍ਰੋਗਰਾਮ ਉਨ੍ਹਾਂ ਦੀ ਦੇਖ-ਰੇਖ ਅਤੇ ਅਗਵਾਈ ਹੇਠ ਕੀਤਾ ਗਿਆ। ਸਕੂਲ ਵਿਚ ਪਹੁੰਚੇ ਮਹਿਮਾਨਾਂ ਦਾ ਸਕੂਲ ਦੇ ਪ੍ਰਿੰਸੀਪਲ ਸਤਵੰਤ ਸਿੰਘ ਬੈਂਸ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਗੁਰਭੇਜ ਸਿੰਘ ਨੇ ਪ੍ਰਤੀਯੋਗੀਆਂ ਦੇ ਸਾਹਮਣੇ ਦਸਤਾਰ ਸਜਾਉਣ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਖਾਲਸਾ ਸਾਜਨਾ ਦਿਵਸ ਦੀ ਮਹੱਤਤਾ ਬਾਰੇ ਵੀ ਦੱਸਿਆ। ਇਸ ਤੋਂ ਬਾਅਦ ਦਸਤਾਰ ਸਜਾਉਣ ਦੇ ਮੁਕਾਬਲੇ ਸ਼ੁਰੂ ਹੋਏ। ਮੁਕਾਬਲੇ ਦੋ ਗਰੁੱਪਾਂ ਵਿਚ ਕਰਵਾਏ ਗਏ। ਸਭ ਮੁਕਾਬਲੇਬਾਜ਼ਾਂ ਵਿਚ ਦਸਤਾਰ ਸਜਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਂ ਪੂਰਾ ਹੋਣ ਤੇ ਇਨ੍ਹਾਂ ਸਕੂਲਾਂ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਸੀਨੀਅਰ ਗਰੁੱਪ ਨੌਵੀਂ ਤੋਂ ਬਾਰ੍ਹਵੀਂ ਤਕ ਦੇ ਵਿਦਿਆਰਥੀਆਂ ਦਾ ਸੀ, ਜਿਸ ਵਿਚ ਪ੍ਰਭਜੋਤ ਸਿੰਘ ਪੱਟੀ ਸਕੂਲ, ਰੋਹਨਦੀਪ ਸਿੰਘ ਨੌਸ਼ਹਿਰਾ ਪੰਨੂਆ, ਗੁਰਜੋਤਪਾਲ ਸਿੰਘ ਤਰਨਤਾਰਨ, ਅਨੂਪ ਸਿੰਘ ਝਬਾਲ, ਅਭੀਜੋਤ ਸਿੰਘ ਸੁਰਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਵਰਗ ਪੰਜਵੀਂ ਤੋਂ ਅੱਠਵੀਂ ਤਕ ਦਾ ਸੀ ਜਿਸ ਵਿਚ ਅਮਰਬੀਰ ਸਿੰਘ ਤਰਨਤਾਰਨ, ਨਵਜੀਤ ਸਿੰਘ ਬੁਰਜ਼ ਮਰਹਾਣਾ, ਅਭੀਨੂਰ ਸਿੰਘ ਸੁਰਸਿੰਘ, ਨਾਜਵੀਰ ਸਿੰਘ ਝਬਾਲ ਅਤੇ ਹਰਦੀਪ ਸਿੰਘ ਭੱਟੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਨੇ ਬੱਚਿਆਂ ਵੱਲੋਂ ਦਸਤਾਰਾਂ ਬੰਨ੍ਹਣ ਦੇ ਤਰੀਕੇ ਦੀ ਸ਼ਲਾਘਾ ਕੀਤੀ ਅਤੇ ਆਪਣੇ ਸਿੱਖੀ ਸਰੂਪ ਵਿਚ ਸਦਾ ਕਾਇਮ ਰਹਿਣ ਦੀ ਮਹੱਤਤਾ ਬਾਰੇ ਦੱਸਿਆ। ਮੁਕਾਬਲੇ ਉਪਰੰਤ ਸਕੂਲ ਦੇ ਪ੍ਰਿੰਸੀਪਲ ਸਤਵੰਤ ਸਿੰਘ ਬੈਂਸ ਨੇ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਚੀਫ਼ ਖਾਲਸਾ ਦੀਵਾਨ ਦੇ ਐਡੀਸ਼ਨਲ ਆਨਰੇਰੀ ਸਕੱਤਰ, ਲੋਕਲ ਕਮੇਟੀ ਦੇ ਪ੍ਰਧਾਨ ਅਤੇ ਸਕੂਲ ਦੇ ਮੈਂਬਰ ਇੰਚਾਰਜ ਹਰਜੀਤ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦਸਤਾਰ ਸਾਡੇ ਗੁਰੂ ਵੱਲੋਂ ਸਾਡੇ ਲਈ ਇਕ ਤੋਹਫਾ ਹੈ ਅਤੇ ਇਹ ਸਿੱਖ ਦੇ ਸਿਰ ਦਾ ਮਾਣ ਹੈ। ਇਹ ਇਸ ਗੱਲ ਦੀ ਪਹਿਚਾਣ ਹੈ ਕਿ ਅਸੀਂ ਸਾਰੇ ਸੇਵਾ ਕਰਨ ਲਈ ਸਮਰਪਿਤ ਹਾਂ। ਚੀਫ਼ ਖ਼ਾਲਸਾ ਦੀਵਾਨ ਲੋਕਲ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਸਤਾਰ ਸਤਿਕਾਰ ਅਤੇ ਮਾਣ ਦਾ ਪ੍ਰਤੀਕ ਹੈ ਅਤੇ ਦਸਤਾਰ ਸਿੱਖ ਦੀ ਵਿਲੱਖਣ ਪਛਾਣ ਦਾ ਅਨਿੱਖੜਵਾਂ ਅੰਗ ਮੰਨੀ ਜਾਂਦੀ ਹੈ। ਸਕੂਲ ਦੇ ਮੈਂਬਰ ਇੰਚਾਰਜ ਨਵਜੋਤ ਸਿੰਘ ਅਤੇ ਰਣਦੀਪ ਸਿੰਘ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਗੁਰੂ ਜੀ ਵੱਲੋਂ ਦਿੱਤੀ ਦਸਤਾਰ ਨੂੰ ਸਿਰ ਤੇ ਬੰਨ੍ਹਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਬੈਂਸ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਸਤਾਰ ਸਿੱਖ ਧਰਮ ’ਚ ਪਵਿੱਤਰਤਾ, ਅਧਿਆਤਮਿਕਤਾ ਤੇ ਨਿਮਰਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖਾਂ ਦਾ ਮਾਣ ਹੈ, ਜੋ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਗਈ ਹੈ ਅਤੇ ਉਨ੍ਹਾਂ ਨੇ ਸਾਰੇ ਸਿੱਖ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਕੇਸਾਂ ਦਾ ਸਤਿਕਾਰ ਕਰਨ ਅਤੇ ਸਿਰਾਂ ਤੇ ਪੱਗ ਬੰਨ੍ਹਣ ਲਈ ਪ੍ਰੇਰਿਤ ਕੀਤਾ।