ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਸਤਲੁਜ ਪਬਲਿਕ ਸਕੂਲ ਠੱਕਰਪੁਰਾ ’ਚ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Publish Date: Thu, 16 Apr 2026 06:03 PM (IST)
Updated Date: Fri, 17 Apr 2026 04:13 AM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ ਸਤਲੁਜ ਪਬਲਿਕ ਸਕੂਲ ਠੱਕਰਪੁਰਾ ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਰੰਗ-ਬਿਰੰਗਾ ਮਾਹੌਲ ਦੇਖਣ ਨੂੰ ਮਿਲਿਆ। ਜਿਥੇ ਨੰਨੇ ਮੁੰਨੇ ਬੱਚੇ ਧਾਰਮਿਕ ਅਤੇ ਸੱਭਿਆਚਾਰਕ ਪਹਿਰਾਵਿਆਂ ’ਚ ਸਜ ਕੇ ਪਹੁੰਚੇ। ਕਣਕ ਪੱਕਣ ਦੀ ਖੁਸ਼ੀ ਨੂੰ ਦਰਸਾਉਂਦਿਆਂ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਨੇ ਸਭ ਦਾ ਮਨ ਮੋਹ ਲਿਆ। ਇਸ ਦੌਰਾਨ ਵਿਸਾਖੀ ਦੇ ਮਹੱਤਵ ਨੂੰ ਸਮਝਾਉਣ ਲਈ ਬੱਚਿਆਂ ਨਾਲ ਧਾਰਮਿਕ ਸਵਾਲ-ਜਵਾਬ ਵੀ ਕੀਤੇ ਗਏ ਅਤੇ ਖਾਲਸਾ ਸਾਜਨਾ ਦਿਵਸ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ ਗਈ। ਚੌਥੀ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਦਸਤਾਰ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸਕੂਲ ਮੈਨੇਜਮੈਂਟ ਮੈਂਬਰ ਹਰਬੀਰ ਸਿੰਘ ਗਿੱਲ ਨੇ ਕਿਹਾ ਕਿ ਵਿਸਾਖੀ ਸਿਰਫ਼ ਖੇਤੀਬਾੜੀ ਨਾਲ ਜੁੜਿਆ ਤਿਉਹਾਰ ਹੀ ਨਹੀਂ, ਸਗੋਂ ਸਿੱਖ ਇਤਿਹਾਸ ਦਾ ਵੀ ਇਕ ਮਹੱਤਵਪੂਰਨ ਦਿਨ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਰਾਹੀਂ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਧਾਰਮਿਕ ਵਿਰਾਸਤ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਨੇ ਬੱਚਿਆਂ ਦੀ ਪ੍ਰਦਰਸ਼ਨ ਦੀ ਭਰਪੂਰ ਸਰਾਹਨਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੀਆਂ ਹਨ। ਇਸ ਮੌਕੇ ਪਰਮਿੰਦਰ ਕੌਰ ਅਤੇ ਸਕੂਲ ਮੁਖੀ ਰਾਜਬੀਰ ਕੌਰ ਵੱਲੋਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਿਸਾਖੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਸਭ ਨੂੰ ਇਸ ਪਵਿੱਤਰ ਤਿਉਹਾਰ ਦੀ ਮਹੱਤਤਾ ਨੂੰ ਆਪਣੇ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।