10ਵੀਂ ’ਚ ਵੁੱਡ ਬਲੋਸਮ ਸਕੂਲ ਦੇ ਵਿਦਿਆਰਥੀ ਛਾਏ
ਸੀਬੀਐੱਸਈ ਦਸਵੀਂ ਨਤੀਜਿਆਂ ’ਚ ਵੁੱਡ ਬਲੋਸਮ ਸਕੂਲ ਦੇ ਵਿਦਿਆਰਥੀ ਛਾਏ
Publish Date: Thu, 16 Apr 2026 05:15 PM (IST)
Updated Date: Fri, 17 Apr 2026 04:07 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ ਵੁੱਡ ਬਲੋਸਮ ਸਕੂਲ ਨੇ ਸੀਬੀਐੱਸਈ ਦਸਵੀਂ ਕਲਾਸ ਦੇ ਬੋਰਡ ਪ੍ਰੀਖਿਆ ਨਤੀਜਿਆਂ ਵਿਚ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਕਾਮਯਾਬੀ ਦੀ ਪਰੰਪਰਾ ਨੂੰ ਜਾਰੀ ਰੱਖਿਆ ਹੈ। ਪਿਛਲੇ ਸਾਲ ਜ਼ਿਲ੍ਹਾ ਟਾਪਰ ਰਹਿਣ ਤੋਂ ਬਾਅਦ ਇਸ ਵਾਰ ਵੀ ਸਕੂਲ ਨੇ 100 ਫੀਸਦੀ ਪਾਸ ਨਤੀਜਾ ਹਾਸਲ ਕਰਕੇ ਵੱਡੀ ਉਪਲਬਧੀ ਦਰਜ ਕੀਤੀ ਹੈ। ਸਕੂਲ ਦੇ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਮਿਹਨਤ, ਲਗਨ ਅਤੇ ਅਧਿਆਪਕਾਂ ਦੇ ਮਾਰਗਦਰਸ਼ਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਇਸ ਵਾਰ ਦੇ ਨਤੀਜਿਆਂ ਵਿਚ ਏਕਮਰੂਪ ਕੌਰ ਨੇ 97.4 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਰੂਪਦੀਪ ਕੌਰ ਨੇ 96.8 ਫੀਸਦੀ ਅੰਕ ਨਾਲ ਦੂਜਾ ਅਤੇ ਹਰਮੰਨਤ ਕੌਰ ਨੇ 96.2 ਫੀਸਦੀ ਅੰਕ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜੈਸਮੀਨ ਕੌਰ ਨੇ 95.20 ਫੀਸਦੀ ਅੰਕ ਹਾਸਲ ਕਰਕੇ ਚੌਥਾ ਅਤੇ ਅਮਨਦੀਪ ਕੌਰ ਨੇ 94.20 ਫੀਸਦੀ ਨਾਲ ਪੰਜਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ 25 ਫੀਸਦੀ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ, ਜਦਕਿ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਕਾਫ਼ੀ ਰਹੀ। ਖਾਸ ਗੱਲ ਇਹ ਰਹੀ ਕਿ ਕਿਸੇ ਵੀ ਵਿਦਿਆਰਥੀ ਦੇ ਅੰਕ 50 ਫੀਸਦੀ ਤੋਂ ਘੱਟ ਨਹੀਂ ਆਏ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਤਾਨੀਆ ਖੁਰਾਣਾ ਨੇ ਕਿਹਾ ਕਿ ਇਹ ਨਤੀਜੇ ਸਾਡੇ ਵਿਦਿਆਰਥੀਆਂ ਦੀ ਕੜੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ। ਅਸੀਂ ਹਰ ਵਿਦਿਆਰਥੀ ਨੂੰ ਗੁਣਵੱਤਾ ਵਾਲੀ ਸਿੱਖਿਆ ਦੇਣ ਅਤੇ ਉਸਦੇ ਸਰਬਾਂਗੀ ਵਿਕਾਸ ਲਈ ਵਚਨਬੱਧ ਹਾਂ। ਭਵਿੱਖ ਵਿਚ ਵੀ ਅਸੀਂ ਇਸੇ ਤਰ੍ਹਾਂ ਦੇ ਉਤਕ੍ਰਿਸ਼ਟ ਨਤੀਜੇ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਦੇ ਰਹਾਂਗੇ। ਸਕੂਲ ਦੇ ਪ੍ਰਬੰਧਕਾਂ ਤੇ ਅਧਿਆਪਕਾਂ ਵੱਲੋਂ ਸਾਰੇ ਸਫ਼ਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ ਗਈ ਹੈ।