ਪੀਐੱਮ ਸ਼੍ਰੀ ਸਰਕਾਰੀ ਕੰਨਿਆ ਸਕੂਲ ਕੈਰੋਂ ’ਚ ਆਧੁਨਿਕ ਸਾਇੰਸ ਲੈਬ ਦਾ ਉਦਘਾਟਨ
ਪੀਐੱਮ ਸ਼੍ਰੀ ਸਰਕਾਰੀ ਕੰਨਿਆ ਸਕੂਲ ਕੈਰੋਂ ’ਚ ਆਧੁਨਿਕ ਸਾਇੰਸ ਲੈਬ ਦਾ ਉਦਘਾਟਨ
Publish Date: Thu, 16 Apr 2026 04:56 PM (IST)
Updated Date: Fri, 17 Apr 2026 04:06 AM (IST)

ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਦੀ ਲੜੀ ਤਹਿਤ ਅੱਜ ਪੀਐੱਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕੈਰੋ ਵਿਖੇ ਨਵੀਂ ਤਿਆਰ ਕੀਤੀ ਗਈ ਇੰਟੀਗਰੇਟਡ ਸਾਇੰਸ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਲੈਬ ਦਾ ਉਦਘਾਟਨ ਪੰਜਾਬ ਰਾਜ ਗੁਦਾਮ ਨਿਗਮ ਦੇ ਚੇਅਰਮੈਨ ਗੁਰਦੇਵ ਸਿੰਘ ਲਾਖਣਾ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕੀਤਾ ਗਿਆ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਚੇਅਰਮੈਨ ਗੁਰਦੇਵ ਸਿੰਘ ਲਖਣਾ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆਂ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਸਿੱਖਿਆ ਦੇਣ ਲਈ ਅਜਿਹੀਆਂ ਆਧੁਨਿਕ ਪ੍ਰਯੋਗਸ਼ਾਲਾਵਾਂ ਲੈਬਾਂ ਅਹਿਮ ਰੋਲ ਅਦਾ ਕਰਨਗੀਆਂ। ਇਸ ਨਾਲ ਪੇਂਡੂ ਖੇਤਰ ਦੀਆਂ ਵਿਦਿਆਰਥਣਾਂ ਵਿਗਿਆਨ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਨੂੰ ਛੂਹਣਗੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਰਿੰਦਰ ਸਿੰਘ ਉੱਪਲ, ਚੇਅਰਮੈਨ ਗੁਰਵਿੰਦਰ ਸਿੰਘ ਬੁਰਜ, ਚੇਅਰਮੈਨ ਰਜਿੰਦਰ ਸਿੰਘ ਉਸਮਾਂ, ਸਰਪੰਚ ਅਮਨਦੀਪ ਸਿੰਘ ਕੈਰੋ ਅਤੇ ਪੰਚਾਇਤ ਮੈਂਬਰ ਵਿਸ਼ੇਸ਼ ਤੌਰ ਤੇ ਹਾਜਰ ਸਨ। ਸਕੂਲ ਦੀ ਐੱਸਐੱਮਸੀ ਚੇਅਰਪਰਸਨ ਕੰਵਲਜੀਤ ਕੌਰ ਤੇ ਕਮੇਟੀ ਮੈਂਬਰਾਂ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਅੱਜ ਸਰਕਾਰੀ ਸਕੂਲਾਂ ’ਚ ਕੰਪਿਊਟਰ ਲੈਬਾਂ, ਵਿਗਿਆਨ ਪ੍ਰਯੋਗਸ਼ਾਲਾਵਾਂ ਤੇ ਸੁੰਦਰ ਕੈਂਪਸ ਮੁਹੱਈਆ ਕਰਵਾ ਕੇ ਬੱਚਿਆਂ ਦੇ ਭਵਿੱਖ ਨੂੰ ਉੱਜਵਲ ਬਣਾਇਆ ਜਾ ਰਿਹਾ ਹੈ। ਸਕੂਲ ਪਹੁੰਚੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਵੀ ਸਰਕਾਰ ਅਤੇ ਸਕੂਲ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਤੇ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਮੌਜੂਦ ਸਨ, ਜਿਨ੍ਹਾਂ ਵਿਚ ਨਵੀਂ ਲੈਬ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਕੂਲ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।