ਵਿਦੇਸ਼ੀ ਸਮੱਗਲਰ ਦੇ ਪਾਸਪੋਰਟ ਦੀ ਐੱਨਓਸੀ ਜਾਰੀ ਕਰਨ ਲਈ ਗ਼ਲਤ ਰਿਪੋਰਟ ਦੇਣ ਦਾ ਮਾਮਲਾ
ਵਿਦੇਸ਼ੀ ਸਮੱਗਲਰ ਦੇ ਪਾਸਪੋਰਟ ਦੀ ਐੱਨਓਸੀ ਜਾਰੀ ਕਰਨ ਲਈ ਗਲਤ ਰਿਪੋਰਟ ਦੇਣ ਦਾ ਮਾਮਲਾ
Publish Date: Thu, 09 Apr 2026 08:09 PM (IST)
Updated Date: Thu, 09 Apr 2026 08:11 PM (IST)

-ਇੰਸਪੈਕਟਰ ਰੈਂਕ ਦੇ ਅਧਿਕਾਰੀ ਸਣੇ ਤਰਨਤਾਰਨ ਪੁਲਿਸ ਨੇ ਦਰਜ ਕੀਤਾ ਪੰਜ ਖ਼ਿਲਾਫ਼ ਕੇਸ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ : ਨਾਮੀ ਵਿਦੇਸ਼ੀ ਨਸ਼ਾ ਤਸਕਰ ਦੇ ਪਾਸਪੋਰਟ ਦੀ ਐੱਨਓਸੀ ਜਾਰੀ ਕਰਵਾਉਣ ਦੇ ਮਾਮਲੇ ’ਚ ਐੱਸਪੀ ਪੱਧਰ ਦੇ ਅਧਿਕਾਰੀ ਵੱਲੋਂ ਕੀਤੀ ਗਈ ਜਾਂਚ ਉਪਰੰਤ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਸਣੇ ਪੰਜ ਪੁਲਿਸ ਮੁਲਾਜ਼ਮਾਂ ਖਿਲਾਫ ਥਾਣਾ ਸਦਰ ਤਰਨਤਾਰਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਇਸ ਸਬੰਧੀ ਦੱਸਿਆ ਕਿ ਸਾਲ 2024 ਵਿਚ ਥਾਣਾ ਸਦਰ ਤਰਨਤਾਰਨ ’ਚ ਦਰਜ ਕੇਸ ਨੰਬਰ 232 ’ਚ ਨਾਮਜ਼ਦ ਨਾਮੀ ਵਿਦੇਸ਼ੀ ਨਸ਼ਾ ਤਸਕਰ ਸ਼ਹਿਨਾਜ਼ ਸਿੰਘ ਸ਼ਾਹ ਭਿੰਡਰ ਪੁੱਤਰ ਹਰਭਜਨ ਸਿੰਘ ਵਾਸੀ ਮੰਡਿਆਲਾ ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿਚ ਉਸਦਾ ਪਾਸਪੋਰਟ ਵੀ ਜ਼ਬਤ ਕੀਤਾ ਗਿਆ ਸੀ। ਵਿਦੇਸ਼ੀ ਸਮੱਗਲਰ ਐੱਫਬੀਆਈ ਨੂੰ ਵੀ ਲੁੜੀਂਦਾ ਹੈ। ਸ਼ਹਿਨਾਜ਼ ਭਿੰਡਰ ਉਕਤ ਮੁਕੱਦਮੇ ’ਚੋਂ ਜ਼ਮਾਨਤ ’ਤੇ ਰਿਹਾਅ ਹੋਇਆ ਅਤੇ ਆਪਣਾ ਪਾਸਪੋਰਟ ਜਾਰੀ ਕਰਵਾਉਣ ਲਈ ਪਾਸਪੋਰਟ ਦਫਤਰ ’ਚ ਅਪਲਾਈ ਕੀਤਾ। ਪਾਸਪੋਰਟ ਸਬੰਧੀ ਵੈਰੀਫਿਕੇਸ਼ਨ ਤਰਨਤਾਰਨ ਪੁਲਿਸ ਕੋਲ ਆਈ ਸੀ, ਜਿਸ ਵਿਚ ਪੰਜ ਪੁਲਿਸ ਅਧਿਕਾਰੀਆਂ, ਜਿਨ੍ਹਾਂ ’ਚ ਇੰਸਪੈਕਟਰ ਪ੍ਰਭਜੀਤ ਸਿੰਘ, ਏਐੱਸਆਈ ਲਖਵਿੰਦਰ ਸਿੰਘ, ਏਐੱਸਆਈ ਗੁਰਵਿੰਦਰ ਸਿੰਘ, ਹੈੱਡ ਕਾਂਸਟੇਬਲ ਹਰਕੰਵਲ ਸਿੰਘ ਤੇ ਸਿਪਾਹੀ ਧਰਮਿੰਦਰ ਸਿੰਘ ਨੇ ਮਿਲੀਭੁਗਤ ਕਰ ਕੇ ਸ਼ਹਿਨਾਜ਼ ਭਿੰਡਰ ਦਾ ਪਾਸਪੋਰਟ ਰਿਲੀਜ਼ ਕਰਵਾਉਣ ਲਈ ਪੁਲਿਸ ਵੈਰੀਫਿਕੇਸ਼ਨ ਦੀ ਐੱਨਓਸੀ ਜਾਰੀ ਕਰਨ ਦੀ ਗ਼ਲਤ ਰਿਪੋਰਟ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ’ਤੇ ਉਕਤ ਮਾਮਲੇ ਦੀ ਜਾਂਚ ਐੱਸਪੀ ਹੈੱਡ ਕੁਆਰਟਰ ਸੁਖਨਿੰਦਰ ਸਿੰਘ ਨੂੰ ਸੌਂਪੀ ਗਈ ਤੇ ਉਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਪੰਜਾਂ ਪੁਲਿਸ ਕਰਮਚਾਰੀਆਂ ਵਿਰੁੱਧ ਥਾਣਾ ਸਦਰ ਤਰਨਤਾਰਨ ’ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਜਦਕਿ ਪੰਜੇ ਜਣੇ ਮੁਅੱਤਲ ਕਰ ਦਿੱਤੇ ਗਏ ਹਨ ਤੇ ਇਸ ਸਮੇਂ ਭਗੌੜੇ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਐੱਸਐੱਸਪੀ ਲਾਂਬਾ ਨੇ ਦੱਸਿਆ ਕਿ ਇਸ ਕੇਸ ’ਚ ਜੇਕਰ ਕਿਸੇ ਹੋਰ ਪੁਲਿਸ ਅਧਿਕਾਰੀ ਦਾ ਨਾਂ ਸਾਹਮਣੇ ਆਉਂਦਾ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਸ਼ਹਿਨਾਜ਼ ਭਿੰਡਰ ਦੇ ਪਾਸਪੋਰਟ ਰਿਲੀਜ਼ ਹੋਣ ਤੋਂ ਬਾਅਦ ਵਿਦੇਸ਼ ਭੱਜ ਜਾਣ ਦੀ ਚਰਚਾ ਨਾਲ ਪੁਲਿਸ ਵਿਭਾਗ ’ਚ ਹੜਕੰਪ ਮਚ ਗਿਆ ਸੀ ਕਿਉਂਕਿ ਪੁਲਿਸ ਮੁਤਾਬਕ ਸ਼ਹਿਨਾਜ਼ ਭਿੰਡਰ ਵੱਡਾ ਤਸਕਰ ਹੈ ਤੇ ਵਿਦੇਸ਼ੀ ਏਜੰਸੀਆਂ ਨੂੰ ਵੀ ਉਹ ਲੁੜੀਂਦਾ ਹੈ।