ਖਾਲੜਾ ਨੂੰ ਚਾਰ ਪਿੰਡਾਂ ਨਾਲ ਜੋੜਦੀ ਸੜਕ ਦਾ ਨਿਰਮਾਣ ਹੋਇਆ ਸ਼ੁਰੂ
ਖਾਲੜਾ ਨੂੰ ਚਾਰ ਪਿੰਡਾਂ ਨਾਲ ਜੋੜਦੀ ਸੜਕ ਦਾ ਨਿਰਮਾਣ ਹੋਇਆ ਸ਼ੁਰੂ, ਇਲਾਕੇ ਦੇ ਲੋਕ ਖੁਸ਼
Publish Date: Thu, 09 Apr 2026 06:25 PM (IST)
Updated Date: Thu, 09 Apr 2026 06:26 PM (IST)
ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ, ਖਾਲੜਾ : ਕਸਬਾ ਖਾਲੜਾ ਦੇ ਵਸਨੀਕਾਂ ਦੀ ਮੰਗ ਪੂਰੀ ਕਰਦਿਆਂ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਦੇ ਯਤਨਾਂ ਨਾਲ ਖਾਲੜਾ ਦੇ ਮੁੱਖ ਮਾਰਗ ਤੋਂ ਲਿੰਕ ਰੋਡ ਜੋ ਖਾਲੜਾ ਨੂੰ ਪਿੰਡ ਦੋਦੇ, ਕਲਸੀਆਂ ਖੁਰਦ, ਡੱਲ, ਡਲੀਰੀ ਆਦਿ ਪਿੰਡਾਂ ਨਾਲ ਜੋੜਦੀ ਹੈ, ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸੜਕ ਦੀ ਜ਼ਿਆਦਾ ਵਰਤੋਂ ਨੇੜਲੇ ਪਿੰਡਾਂ ਤੱਕ ਪਹੁੰਚਣ ਲਈ ਕੀਤੀ ਜਾਂਦੀ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਇਹ ਸੜਕ ਦੀ ਹਾਲਤ ਖਰਾਬ ਹੋ ਚੁੱਕੀ ਸੀ, ਜਿਸ ਕਾਰਨ ਬਰਸਾਤ ਦੇ ਦਿਨਾਂ ਵਿਚ ਪਿੰਡ ਖਾਲੜਾ ਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਵਿਚ ਲਿੰਕ ਸੜਕਾਂ ਅਤੇ ਫਿਰਨੀਆਂ ਦੇ ਨਿਰਮਾਣ, ਨਵੀਨੀਕਰਨ ਨੂੰ ਲੈ ਕੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਵੱਲੋਂ ਹਲਕੇ ਅੰਦਰ ਸੜਕਾਂ ਦੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਖਾਲੜਾ ਦੇ ਸਰਪੰਚ ਸੁਖਦੇਵ ਸਿੰਘ ਸੋਨੀ ਦੀ ਅਗਵਾਈ ਹੇਠ ਲਿੰਕ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸਰਪੰਚ ਸੁਖਦੇਵ ਸਿੰਘ ਨੇ ਕਿਹਾ ਇਹ ਲਿੰਕ ਰੋਡ ਲਈ 76 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ ਤੇ 20 ਫੁੱਟ ਚੌੜੀ ਇਸ ਸੜਕ ਨੂੰ ਕੰਕਰੀਟ ਨਾਲ ਬਣਾਇਆ ਜਾਵੇਗਾ।