ਬਲਾਕ ਦਫ਼ਤਰ ਪੱਟੀ ’ਚ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਤਕਰਾਰ, ਅਫ਼ਸਰ ਤੇ ਠੇਕੇਦਾਰ ਆਹਮੋ-ਸਾਹਮਣੇ
ਬਲਾਕ ਦਫ਼ਤਰ ਪੱਟੀ ’ਚ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਤਕਰਾਰ, ਅਫ਼ਸਰ ਤੇ ਠੇਕੇਦਾਰ ਆਹਮੋ-ਸਾਹਮਣੇ
Publish Date: Thu, 09 Apr 2026 05:44 PM (IST)
Updated Date: Thu, 09 Apr 2026 05:47 PM (IST)

ਪ੍ਰਾਈਵੇਟ ਗੱਡੀਆਂ ’ਤੇ ਰੋਕ ਨੂੰ ਲੈ ਕੇ ਵਾਦ-ਵਿਵਾਦ, ਦੋਵੇਂ ਪੱਖਾਂ ਦੇ ਵੱਖ-ਵੱਖ ਦਾਅਵੇ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ ਪੱਟੀ ਦੇ ਬਲਾਕ ਸਿੱਖਿਆ ਦਫ਼ਤਰ ਵਿਖੇ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਬਲਾਕ ਅਫ਼ਸਰ ਤੇ ਇਕ ਠੇਕੇਦਾਰ ਵਿਚ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਕੁਝ ਸਮੇਂ ਲਈ ਦਫ਼ਤਰ ਵਿਚ ਤਣਾਅ ਦਾ ਮਾਹੌਲ ਬਣ ਗਿਆ। ਠੇਕੇਦਾਰ ਚੰਦਨ ਭਾਰਦਵਾਜ ਨੇ ਦੱਸਿਆ ਕਿ ਬਲਾਕ ਸਿੱਖਿਆ ਦਫ਼ਤਰ ਵਿਚ ਰਾਤ ਸਮੇਂ ਰੋਜ਼ਾਨਾ 20 ਤੋਂ 25 ਗੱਡੀਆਂ ਖੜ੍ਹੀਆਂ ਹੁੰਦੀਆਂ ਹਨ ਅਤੇ ਉਹ ਵੀ ਆਪਣੀ ਗੱਡੀ ਇਥੇ ਹੀ ਖੜ੍ਹੀ ਕਰਦਾ ਹੈ। ਵੀਰਵਾਰ ਸਵੇਰੇ ਜਦੋਂ ਉਸਦਾ ਡਰਾਈਵਰ ਗੱਡੀ ਕੱਢਣ ਆਇਆ ਤਾਂ ਅੱਗੇ ਹੋਰ ਗੱਡੀ ਖੜ੍ਹੀ ਸੀ। ਇਸ ਮੌਕੇ ਉਸਦੇ ਗਨਮੈਨ ਵੱਲੋਂ ਦਫ਼ਤਰ ਵਿਚ ਜਾ ਕੇ ਗੱਡੀ ਪਾਸੇ ਕਰਨ ਲਈ ਕਿਹਾ ਗਿਆ ਪਰ ਦਫਤਰ ਵੱਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਤਕਰਾਰ ਹੋ ਗਈ। ਉਸ ਸਮੇਂ ਦਫ਼ਤਰ ਵਿਚ ਅਧਿਆਪਕਾਂ ਦੀ ਮੀਟਿੰਗ ਚੱਲ ਰਹੀ ਸੀ। ਠੇਕੇਦਾਰ ਚੰਦਨ ਭਾਰਦਵਾਜ ਨੇ ਮੰਗ ਕੀਤੀ ਕਿ ਜੇ ਅਧਿਆਪਕਾਂ ਨੂੰ ਦਫ਼ਤਰ ਵਿਚ ਗੱਡੀਆਂ ਖੜ੍ਹੀਆਂ ਕਰਨ ਦੀ ਇਜਾਜ਼ਤ ਹੈ ਤਾਂ ਸਭ ਨੂੰ ਇੱਕੋ ਜਿਹਾ ਹੱਕ ਮਿਲਣਾ ਚਾਹੀਦਾ ਹੈ, ਨਹੀਂ ਤਾਂ ਸਾਰੀਆਂ ਗੱਡੀਆਂ ਬਾਹਰ ਕਰ ਦਿੱਤੀਆਂ ਜਾਣ। ਦੂਜੇ ਪਾਸੇ, ਬਲਾਕ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨ ਹੀ ਦਫ਼ਤਰ ਦਾ ਚਾਰਜ ਸੰਭਾਲਿਆ ਹੈ ਤੇ ਅੱਜ ਵੱਖ-ਵੱਖ ਸਕੂਲਾਂ ਦੇ ਮੁਖੀਆਂ ਨਾਲ ਪਹਿਲੀ ਮੀਟਿੰਗ ਸੀ, ਜਿਸ ਕਰਕੇ ਅਧਿਆਪਕਾਂ ਦੀਆਂ ਗੱਡੀਆਂ ਦਫ਼ਤਰ ਵਿਚ ਖੜ੍ਹੀਆਂ ਸਨ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਕੁਝ ਸਮਾਂ ਰੁਕਣ ਲਈ ਕਿਹਾ ਗਿਆ ਸੀ ਪਰ ਉਹ ਤੁਰੰਤ ਗੱਡੀ ਕੱਢਣ ਲਈ ਜ਼ੋਰ ਪਾਉਣ ਲੱਗ ਪਿਆ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬਲਾਕ ਦਫ਼ਤਰ ਵਿਖੇ ਪ੍ਰਾਈਵੇਟ ਗੱਡੀਆਂ ਖੜ੍ਹੀਆਂ ਕਰਨ ਦੀ ਆਗਿਆ ਨਹੀਂ ਹੋਵੇਗੀ ਤੇ ਇਸ ਸਬੰਧੀ ਨਿਯਮ ਲਾਗੂ ਕੀਤੇ ਜਾਣਗੇ।