ਸਕੂਲ ਆਫ ਐਮੀਨੈਂਸ ਪੱਟੀ ਦੇ ‘ਟੈਸਟ ਨਤੀਜਿਆਂ’ ਨੇ ਖੜ੍ਹੇ ਕੀਤੇ ਸਵਾਲ, 8ਵੀਂ ਦੇ ਸਾਰੇ ਵਿਦਿਆਰਥੀ ਫੇਲ੍ਹ
ਸਕੂਲ ਆਫ ਐਮੀਨੈਂਸ ਪੱਟੀ ਦੇ ‘ਟੈਸਟ ਨਤੀਜਿਆਂ’ ਨੇ ਖੜ੍ਹੇ ਕੀਤੇ ਸਵਾਲ, 8ਵੀਂ ਦੇ ਸਾਰੇ ਵਿਦਿਆਰਥੀ ਫੇਲ੍ਹ
Publish Date: Thu, 09 Apr 2026 05:28 PM (IST)
Updated Date: Thu, 09 Apr 2026 05:29 PM (IST)

10ਵੀਂ ਦੇ 62 ’ਚੋਂ ਸਿਰਫ਼ 24 ਪਾਸ, ਬੱਚਿਆਂ ਦੇ ਮਾਪਿਆਂ ਨੇ ਸਿੱਖਿਆ ਮਾਡਲ ’ਤੇ ਚੁੱਕੇ ਸਵਾਲ ਕਰੋੜਾਂ ਖ਼ਰਚਣ ਦੇ ਬਾਵਜੂਦ ਨਤੀਜੇ ਨਿਰਾਸ਼ਾਜਨਕ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਂ ’ਤੇ ਕਰੋੜਾਂ ਰੁਪਏ ਖ਼ਰਚ ਕਰ ਕੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਵਿਧਾਨ ਸਭਾ ਹਲਕਾ ਪੱਟੀ ਦੇ ਸਕੂਲ ਆਫ਼ ਐਮੀਨੈਂਸ ਦੇ ਹਾਲਾਤ ਨੇ ਇਨ੍ਹਾਂ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਕੂਲ ਆਫ ਐਮੀਨੈਂਸ ਪੱਟੀ ਵੱਲੋਂ 8ਵੀਂ ਜਮਾਤ ਦੇ ਵਿਦਿਆਰਥੀਆਂ 9ਵੀਂ ਜਮਾਤ ਵਿਚ ਦਾਖਲੇ ਲਈ ਕਰਵਾਏ ਗਏ ਟੈਸਟ ਦੇ ਨਤੀਜੇ ਹੈਰਾਨ ਕਰ ਰਹੇ ਹਨ। ਸਕੂਲ ਦੇ ਕੁਲ 55 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਪਰ ਹੈਰਾਨੀਜਨਕ ਤੌਰ ’ਤੇ ਸਾਰੇ ਹੀ ਵਿਦਿਆਰਥੀ ਫੇਲ੍ਹ ਹੋ ਗਏ। ਇਸੇ ਤਰ੍ਹਾਂ 10ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ 11ਵੀਂ ਲਈ ਦਿੱਤੇ ਗਏ ਟੈਸਟ ਵਿਚ ਵੀ ਨਤੀਜੇ ਨਿਰਾਸ਼ਾਜਨਕ ਰਹੇ। ਸਕੂਲ ਦੇ 62 ਵਿਦਿਆਰਥੀਆਂ ’ਚੋਂ ਸਿਰਫ 24 ਹੀ ਪਾਸ ਹੋ ਸਕੇ, ਜਦਕਿ ਬਾਕੀ ਵਿਦਿਆਰਥੀ ਅਸਫ਼ਲ ਰਹੇ। ਇਹ ਨਤੀਜੇ ਸਕੂਲ ਦੀ ਸਿੱਖਿਆ ਪ੍ਰਣਾਲੀ ਤੇ ਤਿਆਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਗੌਰਤਲਬ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਵਿਧਾਨ ਸਭਾ ਹਲਕੇ ਵਿਚ ਇਕ ਸਕੂਲ ਆਫ ਐਮੀਨੈਂਸ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤਹਿਤ ਪੱਟੀ ਦੇ ਸਕੂਲ ਨੂੰ ਵੀ ਇਹ ਦਰਜਾ ਦਿੱਤਾ ਗਿਆ। ਇਨ੍ਹਾਂ ਸਕੂਲਾਂ ਲਈ ਸ਼ਾਨਦਾਰ ਇਮਾਰਤਾਂ ਅਤੇ ਢਾਂਚਾਗਤ ਸਹੂਲਤਾਂ ’ਤੇ ਲੱਖਾਂ ਰੁਪਏ ਖਰਚ ਕੀਤੇ ਗਏ ਸਨ ਤਾਂ ਜੋ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਸਕੇ ਪਰ ਬੱਚਿਆਂ ਵੱਲੋਂ ਦਿੱਤੇ ਗਏ ਐੈਡਮੀਸ਼ਨ ਟੈਸਟ ਨਤੀਜਿਆਂ ਨੇ ਦਰਸਾਇਆ ਹੈ ਕਿ ਸਿਰਫ਼ ਢਾਂਚਾਗਤ ਸਹੂਲਤਾਂ ਨਾਲ ਹੀ ਗੁਣਵੱਤਾ ਵਾਲੀ ਸਿੱਖਿਆ ਮੁਹੱਈਆ ਨਹੀਂ ਕਰਵਾਈ ਜਾ ਸਕਦੀ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਦੀ ਉਪਲੱਬਧਤਾ ਤੇ ਪੜ੍ਹਾਉਣ ਦੀ ਗੁਣਵੱਤਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਇਸ ਸਬੰਧੀ ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਮੋਨਿਕਾ ਤ੍ਰੇਹਨ ਨੇ ਦੱਸਿਆ ਕਿ ਪੰਜਾਬ ਭਰ ਵਿਚ ਸਕੂਲ ਆਫ ਐਮੀਨੈਂਸ ਦਾ ਦਾਖਲਾ ਟੈਸਟ 1 ਮਾਰਚ 2026 ਨੂੰ ਲਿਆ ਗਿਆ ਸੀ, ਜਿਸ ਵਿਚ 10ਵੀਂ ਦੇ 24 ਵਿਦਿਆਰਥੀਆਂ ਦੀ ਚੰਗੀ ਭਾਗੀਦਾਰੀ ਰਹੀ ਪਰ ਸਕੂਲ ਵਿਚ ਅਧਿਆਪਕਾਂ ਦੀ ਘਾਟ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਇਨ੍ਹਾਂ ਨਤੀਜਿਆਂ ਤੋਂ ਬਾਅਦ ਮਾਪਿਆਂ ਅਤੇ ਇਲਾਕਾ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ ਅਤੇ ਉਹ ਸਕੂਲ ਪ੍ਰਬੰਧਨ ਅਤੇ ਸਰਕਾਰ ਤੋਂ ਜਵਾਬ ਦੀ ਉਮੀਦ ਕਰ ਰਹੇ ਹਨ। ਬਾਕਸ - ਸਕੂਲ ਆਫ ਐਮੀਨੈਂਸ ਪੱਟੀ ’ਚ ਅਧਿਆਪਕਾਂ ਦੀ ਭਾਰੀ ਕਮੀ : ਪ੍ਰਿੰਸੀਪਲ ਤ੍ਰੇਹਨ ਸਕੂਲ ਆਫ ਐਮੀਨੈਂਸ ਵਿਚ ਅਧਿਆਪਕਾਂ ਦੀ ਘਾਟ ਕਾਰਨ ਸਿੱਖਿਆ ਪ੍ਰਣਾਲੀ ’ਤੇ ਗੰਭੀਰ ਅਸਰ ਪੈ ਰਿਹਾ ਹੈ। ਪ੍ਰਿੰਸੀਪਲ ਮੋਨਿਕਾ ਤ੍ਰੇਹਨ ਮੁਤਾਬਿਕ ਛੇਵੀਂ ਤੋਂ ਦਸਵੀਂ ਕਲਾਸ ਤਕ ਸਮਾਜਿਕ ਸਿੱਖਿਆ ਦੀਆਂ ਦੋ ਪੋਸਟਾਂ ਖਾਲੀ ਹਨ, ਜਦਕਿ ਸਾਇੰਸ ਦੀਆਂ ਦੋ ਅਤੇ ਗਣਿਤ ਦੀਆਂ ਵੀ ਕਈ ਪੋਸਟਾਂ ਲੰਮੇ ਸਮੇਂ ਤੋਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ ਕੁਲ 8 ਲੈਕਚਰਾਰਾਂ ਦੀਆਂ ਆਸਾਮੀਆਂ ਵੀ ਭਰੀਆਂ ਨਹੀਂ ਗਈਆਂ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬੀ, ਜਿਓਗ੍ਰਾਫੀ, ਕਾਮਰਸ, ਕੈਮਿਸਟਰੀ ਅਤੇ ਫਿਜ਼ੀਕਲ ਐਜੂਕੇਸ਼ਨ ਵਰਗੇ ਵਿਸ਼ਿਆਂ ਲਈ ਅਧਿਆਪਕ ਮੌਜੂਦ ਨਹੀਂ ਹਨ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਸਿੱਧੇ ਤੌਰ ’ਤੇ ਪ੍ਰਭਾਵਿਤ ਹੋ ਰਹੀ ਹੈ ਅਤੇ ਉਨ੍ਹਾਂ ਦੇ ਭਵਿੱਖ ’ਤੇ ਵੀ ਅਸਰ ਪੈ ਸਕਦਾ ਹੈ। ਬਾਕਸ- ਅਧਿਆਪਕਾਂ ਨੂੰ ਗੈਰ-ਸਿੱਖਿਅਕ ਕੰਮਾਂ ਤੋਂ ਰਾਹਤ ਦਿੱਤੀ ਜਾਵੇ- ਗੁਰਬਚਨ ਸਿੰਘ ਲਾਲੀ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਬਚਨ ਸਿੰਘ ਲਾਲੀ ਦਾ ਕਹਿਣਾ ਹੈ ਕਿ ਅਧਿਆਪਕਾਂ ਕੋਲੋਂ ਬੇਲੋੜੇ ਗੈਰ-ਸਿੱਖਿਅਕ ਕੰਮ ਲਏ ਜਾ ਰਹੇ ਹਨ, ਜਿਵੇਂ ਚੋਣਾਂ, ਜਨਗਣਨਾ ਅਤੇ ਐੱਸਆਈਆਰ ਦੇ ਕੰਮ, ਜਿਸ ਨਾਲ ਪੜ੍ਹਾਈ ਲਈ ਸਮਾਂ ਘੱਟ ਰਹਿ ਜਾਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਭਰਿਆ ਜਾਵੇ ਅਤੇ ਅਧਿਆਪਕਾਂ ਨੂੰ ਗੈਰ-ਸਿੱਖਿਅਕ ਕੰਮਾਂ ਤੋਂ ਰਾਹਤ ਦਿੱਤੀ ਜਾਵੇ, ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।