11 ਦੀ ਰੈਲੀ ਸਬੰਧੀ ਧੰਨਾ ਮੱਲ ਗੋਇਲ ਨੇ ਕੀਤੀ ਪ੍ਰੈਕਟੀਸ਼ਨਰਾਂ ਨਾਲ ਮੁਲਾਕਾਤ
11 ਦੀ ਰੈਲੀ ਸਬੰਧੀ ਧੰਨਾ ਮੱਲ ਗੋਇਲ ਨੇ ਕੀਤੀ ਪ੍ਰੈਕਟੀਸ਼ਨਰਾਂ ਨਾਲ ਮੁਲਾਕਾਤ
Publish Date: Thu, 09 Apr 2026 04:48 PM (IST)
Updated Date: Thu, 09 Apr 2026 04:50 PM (IST)

ਸਤਨਾਮ ਸਿੰਘ ਚੀਮਾ, •ਪੰਜਾਬੀ ਜਾਗਰਣ, ਘਰਿਆਲਾ : 11 ਅਪ੍ਰੈਲ ਦੀ ਰੋਸ ਰੈਲੀ ਸਬੰਧੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਉਚੇਚੇ ਤੌਰ ’ਤੇ ਤਰਨਤਾਰਨ ਦੇ ਆਗੂਆਂ ਨੂੰ ਮਿਲਣ ਲਈ ਪਹੁੰਚੇ। ਸੂਬਾ ਪ੍ਰਧਾਨ ਦੇ ਜ਼ਿਲ੍ਹਾ ਤਰਨਤਾਰਨ ਪਹੁੰਚਣ ’ਤੇ ਜਥੇਬੰਦੀ ਦੇ ਆਗੂ ਸਾਥੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕਰਦਿਆਂ ‘ਜੀ ਆਇਆਂ’ ਆਖਿਆ। ਇਸ ਮੌਕੇ ਸੂਬਾ ਪ੍ਰਧਾਨ ਨੇ ਆਗੂਆਂ ਤੋਂ ਰੈਲੀ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਰੈਲੀ ਸਬੰਧੀ ਵਿਚਾਰ-ਚਰਚਾ ਕੀਤੀ। ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੀਆਂ ਭਰਾਤਰੀ ਜਥੇਬੰਦੀਆਂ ਦਾ ਸਾਥ ਜ਼ਰੂਰ ਲੈਣਾ ਹੈ ਅਤੇ ਭਰਾਤਰੀ ਜਥੇਬੰਦੀਆਂ ਨੂੰ ਰੈਲੀ ਵਿਚ ਸ਼ਾਮਲ ਹੋਣ ਦੀ ਬੇਨਤੀ ਕਰਨੀ ਹੈ। ਉਨ੍ਹਾਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜੋ ਵਾਅਦੇ ਜਥੇਬੰਦੀ ਨਾਲ ਚੋਣਾਂ ਦੌਰਾਨ ਕੀਤੇ ਗਏ ਸਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਜਦੋਂ ਤਕ ਪੰਜਾਬ ਸਰਕਾਰ ਕੀਤੇ ਵਾਅਦੇ ਪੂਰੇ ਨਹੀਂ ਕਰਦੀ, ਉਦੋਂ ਤਕ ਸਾਡਾ ਸੰਘਰਸ਼ ਜਾਰੀ ਰਹੇਗਾ ਅਤੇ ਅਸੀਂ ਆਪਣੇ ਹੱਕ ਲੈਣ ਲਈ ਜਮਹੂਰੀ ਤਰੀਕੇ ਨਾਲ ਰੋਸ ਪ੍ਰਗਟ ਕਰਦੇ ਰਹਾਂਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਚੀਮਾ, ਜ਼ਿਲ੍ਹਾ ਆਗੂ ਜੈਮਲ ਸਿੰਘ ਸੈਦੋ, ਸਰਦਾਰਾ ਸਿੰਘ ਚੂਸਲੇਵੜ੍ਹ, ਬਲਵਿੰਦਰ ਸਿੰਘ ਕੋਟਲੀ ਆਦਿ ਸਾਥੀਆਂ ਨੇ ਸੂਬਾ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਕਿ ਚੜ੍ਹਦੀ ਕਲਾ ਨਾਲ ਜਥੇਬੰਦੀ ਵੱਲੋਂ ਰੈਲੀ ਵਿਚ ਵੱਧ ਤੋਂ ਵੱਧ ਸਾਥੀਆਂ ਦੀ ਸ਼ਮੂਲੀਅਤ ਹੋਵੇਗੀ।