ਮਾਹਣੇਕੇ ’ਚ ਬਿਨਾਂ ਭੇਦਭਾਵ ਜਾਰੀ ਹਨ ਵਿਕਾਸ ਕਾਰਜ : ਸਰਪੰਚ
ਪਿੰਡ ਮਾਹਣੇਕੇ ਵਿਚ ਬਿਨ੍ਹਾਂ ਕਿਸੇ ਭੇਦਭਾਵ ਤੋਂ ਨਿਰੰਤਰ ਜਾਰੀ ਹਨ ਵਿਕਾਸ ਕਾਰਜ - ਸਰਪੰਚ ਮਲਕੀਤ ਸਿੰਘ ਮਾਹਣੇਕੇ
Publish Date: Thu, 09 Apr 2026 04:41 PM (IST)
Updated Date: Thu, 09 Apr 2026 04:44 PM (IST)
-ਕਿਹਾ, ਪਿੰਡ ’ਚ ਨਵੀਆਂ ਲਿੰਕ ਸੜਕਾਂ ਤੇ ਇੰਟਰਲਾਕਿੰਗ ਟਾਇਲਾਂ ਦਾ ਕੰਮ ਜਾਰੀ
-ਵਿਧਾਇਕ ਸਰਵਣ ਸਿੰਘ ਧੁੰਨ ਦੇ ਨਿਯਮਾਂ ਅਧੀਨ ਕੀਤੇ ਜਾ ਰਹੇ ਹਨ ਵਿਕਾਸ ਕਾਰਜ
ਸਤਨਾਮ ਚੀਮਾ, •ਪੰਜਾਬੀ ਜਾਗਰਣ, ਘਰਿਆਲਾ : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਮਾਹਣੇਕੇ ਤੋਂ ਸਰਪੰਚ ਮਲਕੀਤ ਸਿੰਘ ਮਾਹਣੇਕੇ ਨੇ ਕਿਹਾ ਹੈ ਕਿ ਹਲਕੇ ਦੇ ਸਮੂਹ ਪਿੰਡਾਂ ’ਚ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ ਤੇ ਹਰ ਪਿੰਡ ਨੂੰ ਇਕ ਨਵੀਂ ਨੁਹਾਰ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਵਿਚ ਲਿੰਕ ਸੜਕਾਂ ਦਾ ਵਿਆਪਕ ਜਾਲ ਵਿਛਾਇਆ ਜਾ ਰਿਹਾ ਹੈ, ਜਿਸ ਨਾਲ ਆਵਾਜਾਈ ਸਹੂਲਤਾਂ ’ਚ ਵੱਡਾ ਸੁਧਾਰ ਆ ਰਿਹਾ ਹੈ।
ਮਲਕੀਤ ਸਿੰਘ ਨੇ ਕਿਹਾ ਕਿ ਪਿੰਡ ਮਾਹਣੇਕੇ ਨੂੰ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਪੰਚਾਇਤ ਵੱਲੋਂ ਵੱਡੇ ਪੱਧਰ 'ਤੇ ਕੰਮ ਕਰਵਾਇਆ ਜਾ ਰਿਹਾ ਹੈ। ਪਿੰਡ ਦੀਆਂ ਗਲੀਆਂ ਅਤੇ ਰਸਤਿਆਂ ਨੂੰ ਇੰਟਰਲਾਕ ਟਾਇਲਾਂ ਲਗਾ ਕੇ ਪੱਕਾ ਕੀਤਾ ਜਾ ਰਿਹਾ ਹੈ, ਜਦਕਿ ਨਵੀਆਂ ਸੜਕਾਂ ਦੀ ਤਾਮੀਰ ਵੀ ਜਾਰੀ ਹੈ। ਇਸ ਨਾਲ ਪਿੰਡ ਵਾਸੀਆਂ ਨੂੰ ਰੋਜ਼ਾਨਾ ਦੀ ਆਵਾਜਾਈ ਵਿਚ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਪਿੰਡ ਅੰਦਰ ਸਟਰੀਟ ਲਾਈਟਾਂ ਲਗਾਉਣ ਅਤੇ ਪਾਰਕ ਬਣਾਉਣ ਲਈ ਵੀ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪਿੰਡ ਦੇ ਲੋਕਾਂ ਨੂੰ ਸ਼ਹਿਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਪਿੰਡ ਦੀ ਸੁੰਦਰਤਾ ਅਤੇ ਜੀਵਨ ਮਿਆਰ ਨੂੰ ਹੋਰ ਉੱਚਾ ਚੁੱਕਣਗੇ।
ਮਲਕੀਤ ਸਿੰਘ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਸਰਵਨ ਸਿੰਘ ਧੁੰਨ ਵੱਲੋਂ ਸਾਫ਼-ਸੁਥਰੀ ਅਤੇ ਪਾਰਦਰਸ਼ੀ ਸਿਆਸਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਪੰਚਾਂ ਨੂੰ ਵੀ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਵਿਕਾਸ ਕਾਰਜਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਾਰਟੀਬਾਜ਼ੀ ਨੂੰ ਅਹਿਮੀਅਤ ਨਾ ਦਿੱਤੀ ਜਾਵੇ, ਸਗੋਂ ਹਰ ਵਰਗ ਦੇ ਲੋਕਾਂ ਦੀ ਭਲਾਈ ਨੂੰ ਧਿਆਨ ਵਿਚ ਰੱਖ ਕੇ ਕੰਮ ਕੀਤਾ ਜਾਵੇ। ਅਖੀਰ ਵਿਚ ਉਨ੍ਹਾਂ ਵਿਕਾਸ ਕਾਰਜਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਲਈ ਵਿਧਾਇਕ ਦੇ ਪੀਏ ਹੀਰਾ ਸਿੰਘ ਭੁੱਲਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਹਿਯੋਗੀ ਭੂਮਿਕਾ ਨਾਲ ਪਿੰਡਾਂ ਵਿਚ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਅੱਗੇ ਵਧ ਰਹੇ ਹਨ।