ਟਿੱਪਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਔਰਤ ਦੀ ਮੌਤ, ਭਣੇਵਾਂ ਗੰਭੀਰ ਜ਼ਖ਼ਮੀ
ਮੋਟਰਸਾਈਕਲ ਨੂੰ ਮਾਰੀ ਟਿੱਪਰ ਨੇ ਟੱਕਰ ਔਰਤ ਦੀ ਮੌਤ, ਭਣੇਵਾਂ ਗੰਭੀਰ ਜ਼ਖਮੀ
Publish Date: Tue, 07 Apr 2026 08:47 PM (IST)
Updated Date: Wed, 08 Apr 2026 04:14 AM (IST)

ਕੈਪਸ਼ਨ- ਮ੍ਰਿਤਕ ਗੁਰਮੀਤ ਕੌਰ ਦੀ ਫਾਈਲ ਫੋਟੋ। ਰਾਜਨ ਚੋਪੜਾ, •ਪੰਜਾਬੀ ਜਾਗਰਣ, ਭਿੱਖੀਵਿੰਡ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਭਿੱਖੀਵਿੰਡ ’ਚ ਖੇਮਕਰਨ ਰੋਡ ’ਤੇ ਸਥਿਤ ਬੱਸ ਅੱਡੇ ਨੇੜੇ ਟਿੱਪਰ ਤੇ ਮੋਟਰਸਾਈਕਲ ਦਰਮਿਆਨ ਵਾਪਰੇ ਭਿਆਨਕ ਹਾਦਸੇ ’ਚ 55 ਸਾਲਾ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਮੋਟਰਸਾਈਕਲ ਚਲਾ ਰਿਹਾ ਉਸ ਦਾ ਭਣੇਵਾਂ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਗੁਰਮੀਤ ਕੌਰ ਪਤਨੀ ਨਿੰਦਰ ਸਿੰਘ ਵਾਸੀ ਪਿੰਡ ਪੂਹਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗੁਰਮੀਤ ਕੌਰ ਆਪਣੇ ਭਣੇਵੇਂ ਅਮਨਦੀਪ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਿਮਰਨ ਹਸਪਤਾਲ ਭਿੱਖੀਵਿੰਡ ਤੋਂ ਆਪਣੇ ਪਿੰਡ ਵਾਪਸ ਜਾ ਰਹੀ ਸੀ। ਜਿਵੇਂ ਹੀ ਉਹ ਖੇਮਕਰਨ ਰੋਡ ’ਤੇ ਬੱਸ ਅੱਡੇ ਕੋਲ ਪਹੁੰਚੇ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਿੱਛੇ ਬੈਠੀ ਗੁਰਮੀਤ ਕੌਰ ਟਿੱਪਰ ਦੀ ਲਪੇਟ ਵਿਚ ਆ ਗਈ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਅਮਨਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਚਸ਼ਮਦੀਦਾਂ ਦੇ ਅਨੁਸਾਰ ਹਾਦਸੇ ਤੋਂ ਬਾਅਦ ਟਿੱਪਰ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਜਖਮੀ ਅਮਨਦੀਪ ਸਿੰਘ ਨੇ ਦੱਸਿਆ ਕਿ ਟਿੱਪਰ ਨੇ ਬੇਪਰਵਾਹੀ ਨਾਲ ਉਨ੍ਹਾਂ ਨੂੰ ਟੱਕਰ ਮਾਰੀ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਸਵਾਲ ਖੜੇ ਕੀਤੇ ਗਏ ਹਨ। ਮ੍ਰਿਤਕ ਦੇ ਪਤੀ ਨਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਲਗਭਗ ਇਕ ਘੰਟੇ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ, ਜਿਸ ਕਾਰਨ ਦੋਸ਼ੀ ਟਿੱਪਰ ਚਾਲਕ ਆਸਾਨੀ ਨਾਲ ਫਰਾਰ ਹੋ ਗਿਆ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਤੁਰੰਤ ਜਾਂਚ ਕਰਕੇ ਟਿੱਪਰ ਚਾਲਕ ਨੂੰ ਕਾਬੂ ਕੀਤਾ ਜਾਵੇ ਤੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।