ਨਵੀਂ ਚੋਣ ਤੱਕ ਪੱਟੀ ਦੇ ਐੱਸਡੀਐੱਮ ਹੋਣਗੇ ਨਗਰ ਕੌਂਸਲ ਪੱਟੀ ਦੇ ਪ੍ਰਬੰਧਕ
ਨਗਰ ਕੌਂਸਲ ਪੱਟੀ ਦੀ ਚੁਣੀ ਕਮੇਟੀ ਦੀ ਮਿਆਦ ਪੁੱਗੀ, ਸਾਬਕਾ ਹੋ ਗਏ ਪ੍ਰਧਾਨ ਤੇ ਕੌਂਸਲਰ
Publish Date: Tue, 07 Apr 2026 08:03 PM (IST)
Updated Date: Wed, 08 Apr 2026 04:12 AM (IST)

ਕੈਪਸ਼ਨ- ਨਗਰ ਕੌਂਸਲ ਪੱਟੀ। * ਨਗਰ ਕੌਂਸਲ ਪੱਟੀ ਦੀ ਚੁਣੀ ਕਮੇਟੀ ਦੀ ਮਿਆਦ ਪੁੱਗੀ, ਸਾਬਕਾ ਹੋ ਗਏ ਪ੍ਰਧਾਨ ਤੇ ਕੌਂਸਲਰ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਨਗਰ ਕੌਂਸਲ ਪੱਟੀ ਦੀ 2021 ’ਚ ਹੋਈਆਂ ਆਮ ਚੋਣਾਂ ਦੌਰਾਨ ਚੁਣੀ ਗਈ ਕਮੇਟੀ ਦੀ ਮਿਆਦ ਮੰਗਲਵਾਰ 7 ਅਪ੍ਰੈਲ ਨੂੰ ਪੂਰੀ ਹੋ ਗਈ ਹੈ। ਜਿਸ ਕਾਰਨ ਪ੍ਰਧਾਨ ਤੇ ਕੌਂਸਲਰ ਅੱਜ ਤੋਂ ਸਾਬਕਾ ਹੋ ਗਏ। ਹਾਲਾਂਕਿ ਹੁਣ ਅਗਲੀ ਚੋਣ ਤਕ ਪੱਟੀ ਦੇ ਐੱਸਡੀਐੱਮ ਵੱਲੋਂ ਨਗਰ ਕੌਂਸਲ ਦੇ ਪ੍ਰਬੰਧਕ ਵਜੋਂ ਕੰਮ ਕਾਜ ਵੇਖਣ ਦੀ ਸੰਭਾਵਨਾ ਬਣ ਗਈ ਹੈ, ਤਾਂ ਜੋ ਨਗਰ ਕੌਂਸਲ ਅਧੀਨ ਹੋਣ ਵਾਲੇ ਕੰਮ ਕਾਜ ਪ੍ਰਭਾਵਿਤ ਨਾ ਹੋ ਸਕਣ। ਦੱਸ ਦੇਈਏ ਕਿ ਪੱਟੀ ਨਗਰ ਕੌਂਸਲ ਦੀਆਂ ਚੋਣਾਂ 14 ਫਰਵਰੀ 2021 ਨੂੰ ਹੋਈਆਂ ਸਨ। ਉਸ ਵੇਲੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਪੱਟੀ ਹਲਕੇ ਤੋਂ ਹਰਮਿੰਦਰ ਸਿੰਘ ਗਿੱਲ ਵਿਧਾਇਕ ਸਨ। ਚੋਣਾਂ ਦੌਰਾਨ ਕੁੱਲ 19 ਵਾਰਡਾਂ ਲਈ ਵੋਟਿੰਗ ਹੋਈ। ਜਿਨ੍ਹਾਂ ਵਿੱਚੋਂ 5 ਵਾਰਡਾਂ ’ਚ ਕਾਂਗਰਸ ਦੇ ਉਮੀਦਵਾਰ ਵੋਟਾਂ ਤੋਂ ਪਹਿਲਾਂ ਹੀ ਵਿਰੋਧੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਕਾਰਨ ਬਿਨਾ ਮੁਕਾਬਲੇ ਜੇਤੂ ਕਰਾਰ ਦੇ ਦਿੱਤੇ ਗਏ ਸਨ। ਬਾਕੀ 14 ਵਾਰਡਾਂ ਵਿਚ ਹੋਏ ਮੁਕਾਬਲੇ ਦੇ ਬਾਅਦ ਪ੍ਰਧਾਨਗੀ ਅਹੁਦੇ ਲਈ ਨਤੀਜੇ ਕਾਂਗਰਸ ਦੇ ਹੱਕ ਵਿਚ ਗਏ ਅਤੇ ਕੁੱਲ 15 ਵਾਰਡਾਂ ਵਿਚ ਕਾਂਗਰਸ ਦੇ ਉਮੀਦਵਾਰ ਜਿੱਤੇ। ਜਦੋਂਕਿ ਆਮ ਆਦਮੀ ਪਾਰਟੀ ਦੇ 2 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ 2 ਉਮੀਦਵਾਰ ਜਿੱਤ ਦਰਜ ਕਰਵਾਉਣ ਵਿਚ ਕਾਮਯਾਬ ਰਹੇ। ਖਾਸ ਗੱਲ ਇਹ ਰਹੀ ਕਿ ਵਾਰਡ ਨੰਬਰ 6 ਅਤੇ 7 ਵਿਚ ਆਮ ਆਦਮੀ ਪਾਰਟੀ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਸੀ। ਚੋਣਾਂ ਤੋਂ ਬਾਅਦ 7 ਅਪ੍ਰੈਲ 2021 ਨੂੰ ਨਗਰ ਕੌਂਸਲ ਦੀ ਨਵੀਂ ਕਮੇਟੀ ਨੇ ਸਹੁੰ ਚੁੱਕ ਕੇ ਅਧਿਕਾਰਕ ਤੌਰ ’ਤੇ ਕਾਰਜਭਾਰ ਸੰਭਾਲਿਆ। ਸ਼ੁਰੂਆਤੀ ਦੌਰ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਦਲਬੀਰ ਸਿੰਘ ਸੇਖੋਂ ਨੂੰ ਪ੍ਰਧਾਨ ਬਣਾਇਆ ਗਿਆ, ਜਿਸ ਨਾਲ ਨਗਰ ਕੌਂਸਲ ’ਤੇ ਕਾਂਗਰਸ ਦਾ ਪੂਰਾ ਦਬਦਬਾ ਬਣਿਆ ਰਿਹਾ। ਪਰ ਸਿਆਸਤ ਵਿਚ ਵੱਡਾ ਮੋੜ ਸਾਲ 2022 ਵਿਚ ਆਇਆ, ਜਦੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਇਸ ਤੋਂ ਬਾਅਦ ਪੱਟੀ ਵਿਚ ਵੀ ਰਾਜਨੀਤਕ ਦਲ ਬਦਲੀ ਦਾ ਦੌਰ ਆਇਆ ਅਤੇ ਕਾਂਗਰਸ ਦੇ ਕਈ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਤਬਦੀਲੀ ਤੋਂ ਬਾਅਦ ਨਗਰ ਕੌਂਸਲ ਪੱਟੀ ’ਚ ਵੀ ਸੱਤਾ ਤਬਦੀਲ ਹੋਈ ਅਤੇ ਆਮ ਆਦਮੀ ਪਾਰਟੀ ਦੀ ਬੀਬੀ ਲਖਬੀਰ ਕੌਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਪਿਛਲੇ ਪੰਜ ਸਾਲਾਂ ਦੌਰਾਨ ਨਗਰ ਕੌਂਸਲ ਪੱਟੀ ਵੱਲੋਂ ਕਈ ਵਿਕਾਸ ਕਾਰਜ ਕੀਤੇ ਗਏ, ਜਿਨ੍ਹਾਂ ਵਿਚ ਸੜਕਾਂ ਦੀ ਮੁਰੰਮਤ, ਨਿਕਾਸੀ ਪ੍ਰਣਾਲੀ ’ਚ ਸੁਧਾਰ, ਸਟਰੀਟ ਲਾਈਟਾਂ ਦੀ ਸਥਾਪਨਾ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਯੋਜਨਾਵਾਂ ਸ਼ਾਮਲ ਰਹੀਆਂ। ਹਾਲਾਂਕਿ ਕੁਝ ਇਲਾਕਿਆਂ ਵਿਚ ਅਜੇ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਸਫਾਈ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਵਿਚ ਨਰਾਜ਼ਗੀ ਰਹੀ। ਹੁਣ ਜਦੋਂ ਚੁਣੀ ਕਮੇਟੀ ਦੀ ਮਿਆਦ ਪੂਰੀ ਹੋ ਚੁੱਕੀ ਹੈ ਤਾਂ ਨਗਰ ਕੌਂਸਲ ਦੇ ਕੰਮਕਾਜ ਨੂੰ ਚਲਾਉਣ ਲਈ ਐੱਸਡੀਐੱਮ ਨੂੰ ਪ੍ਰਬੰਧਕ ਵਜੋਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਸ ਨਾਲ ਨਾਲ ਸਰਕਾਰ ਵੱਲੋਂ ਨਵੀਆਂ ਚੋਣਾਂ ਕਰਵਾਉਣ ਦੀ ਤਿਆਰੀ ਵੀ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਭਾਵੇਂ ਕਿ ਅਜੇ ਪੰਜਾਬ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਪਰ ਦੂਜੇ ਪਾਸੇ ਸ਼ਹਿਰ ਵਿਚ ਰਾਜਨੀਤਕ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਹੈ। ਵੱਖ-ਵੱਖ ਪਾਰਟੀਆਂ ਅਤੇ ਉਮੀਦਵਾਰ ਆਪਣੀਆਂ ਤਿਆਰੀਆਂ ’ਚ ਜੁਟ ਗਏ ਹਨ ਅਤੇ ਲੋਕਾਂ ਨਾਲ ਸੰਪਰਕ ਮੁਹਿੰਮਾਂ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਨੌਜਵਾਨ ਵਰਗ ’ਚ ਵੀ ਚੋਣਾਂ ਨੂੰ ਲੈ ਕੇ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਈ ਨਵੇਂ ਚਿਹਰੇ ਮੈਦਾਨ ਵਿਚ ਉਤਰਣ ਦੀ ਤਿਆਰੀ ਕਰ ਰਹੇ ਹਨ। ਇਥੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਉਹ ਵਿਕਾਸ, ਸਫਾਈ, ਪੀਣ ਵਾਲੇ ਪਾਣੀ ਅਤੇ ਬੁਨਿਆਦੀ ਢਾਂਚੇ ਦੇ ਮਸਲਿਆਂ ਨੂੰ ਧਿਆਨ ਵਿਚ ਰੱਖ ਕੇ ਆਪਣਾ ਫੈਸਲਾ ਲੈਣਗੇ। ਲੋਕਾਂ ਨੂੰ ਉਮੀਦ ਹੈ ਕਿ ਨਵੀਂ ਚੁਣੀ ਜਾਣ ਵਾਲੀ ਨਗਰ ਕੌਂਸਲ, ਪੱਟੀ ਦੇ ਰਹਿੰਦੇ ਮਸਲਿਆਂ ਦਾ ਹੱਲ ਕਰਕੇ ਸ਼ਹਿਰ ਨੂੰ ਨਵੀਂ ਦਿਸ਼ਾ ਦੇਵੇਗੀ। ਫਿਲਹਾਲ, ਪੱਟੀ ਵਾਸੀਆਂ ਦੀ ਨਜ਼ਰ ਹੁਣ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਦੀਆਂ ਨਵੀਆਂ ਚੋਣਾਂ ਦੇ ਐਲਾਨ ’ਤੇ ਟਿਕੀ ਹੋਈ ਹੈ, ਜੋ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੀ ਸਿਆਸੀ ਤਸਵੀਰ ਨੂੰ ਨਵਾਂ ਰੂਪ ਦੇਵੇਗੀ। ਨਗਰ ਕੌਂਸਲ ਚੋਣਾਂ ’ਚ ਹੀ ਵਧਿਆ ਸੀ ਭੁੱਲਰ ਦਾ ਸਿਆਸੀ ਕੱਦ ਇਥੇ ਦੱਸਣਾ ਬਣਦਾ ਹੈ ਕਿ ਨਗਰ ਕੌਂਸਲ ਦੀਆਂ 2021 ’ਚ ਹੋਈਆਂ ਚੋਣਾਂ ਮੌਕੇ ਕਾਂਗਰਸ ਸਰਕਾਰ ਦਾ ਕੇਵਲ ਇਕ ਸਾਲਲ ਦਾ ਕਾਰਜਕਾਲ ਹੀ ਬਚਿਆ ਸੀ। ਇਨ੍ਹਾਂ ਚੋਣਾਂ ਦੌਰਾਨ ਲਾਲਜੀਤ ਸਿੰਘ ਭੁੱਲਰ ਨੇ ਵੱਖ-ਵੱਖ ਵਾਰਡਾਂ ’ਚ ਆਮ ਆਦਮੀ ਪਾਰੀਟ ਦੇ ਉਮੀਦਵਾਰ ਉਤਾਰੇ ਸਨ ਅਤੇ ਮਹੱਤਵਪੂਰਨ ਗੱਲ ਇਹ ਰਹੀ ਕਿ ਇਨ੍ਹਾਂ ਨਗਰ ਕੌਂਸਲ ਚੋਣਾਂ ਨੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਸਿਆਸੀ ਕੱਦ ਨੂੰ ਉੱਚਾ ਕੀਤਾ। ਦੋ ਵਾਰਡਾਂ ’ਚ ਜਬਰ ਜ਼ੋਰ ਦਾ ਦੋਸ਼ ਲਾਲਜੀਤ ਸਿੰਘ ਭੁੱਲਰ ਨੇ ਲਗਾਇਆ ਤੇ ਉਨ੍ਹਾਂ ਨਾਲ ਧੱਕਾ-ਮੁੱਕੀ ਦੀ ਵੀਡੀਓ ਵੀ ਵਾਇਰਲ ਹੋਈ। ਪਰ ਨਤੀਜਿਆਂ ’ਚ ਇਹ ਦੋਵੇਂ ਜਿਥੇ ‘ਆਪ’ ਵੱਲੋਂ ਕਾਂਗਰਸ ’ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ ਸੀ ਤੋਂ ‘ਆਪ’ ਦੇ ਉਮੀਦਵਾਰ ਜੇਤੂ ਹੋ ਗਏ ਅਤੇ ਲਾਲਜੀਤ ਸਿੰਘ ਭੁੱਲਰ ਦੇ ਸਿਅਸੀ ਪੈਂਡੇ ਨੂੰ ਨਵੀਂ ਦਿਸ਼ਾ ਮਿਲ ਗਈ, ਜਿਸ ਨੇ ਉਨ੍ਹਾਂ ਦੀ ਵਿਧਾਇਕ ਵਜੋਂ ਜਿੱਤ ਤੇ ਫਿਰ ਮੰਤਰੀ ਦੇ ਅਹੁਦੇ ਤੱਕ ਪਹੁੰਚ ਦਿੱਤਾ।