ਔਰਤ ਦੀ ਮਦਦ ਕਰਨ ’ਤੇ ਪਤੀ-ਪਤਨੀ ਨਾਲ ਕੁੱਟਮਾਰ, ਪੰਜ ਨਾਮਜ਼ਦ
ਔਰਤ ਦੀ ਮਦਦ ਕਰਨ ’ਤੇ ਪਤੀ, ਪਤਨੀ ਦੀ ਕੀਤੀ ਕੁੱਟਮਾਰ, ਪੰਜ ਨਾਮਜ਼ਦ
Publish Date: Tue, 07 Apr 2026 07:54 PM (IST)
Updated Date: Wed, 08 Apr 2026 04:12 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪਿੰਡ ਗੰਡੀਵਿੰਡ ਵਿਖੇ ਇਕ ਔਰਤ ਦੀ ਮਦਦ ਕਰਨ ’ਤੇ ਕਥਿਤ ਤੌਰ ’ਤੇ ਘਰ ਆ ਕੇ ਪਤੀ-ਪਤਨੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਪੰਜ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸ਼ਾਮ ਕਰੀਬ ਤਿੰਨ ਵਜੇ ਉਹ ਆਪਣੇ ਪਰਿਵਾਰ ਸਮੇਤ ਘਰ ’ਚ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਦੇ ਗੁਆਂਢ ’ਚ ਰਹਿੰਦੀ ਪ੍ਰੀਤ ਕੌਰ ਭੱਜਦੀ ਹੋਈ ਉਨ੍ਹਾਂ ਦੇ ਘਰ ਆਈ ਤੇ ਆਪਣੇ ਭਰਾਵਾਂ ਕੋਲੋਂ ਉਸ ਨੂੰ ਬਚਾਉਣ ਦੀ ਅਪੀਲ ਕੀਤੀ। ਇੰਨੇ ’ਚ ਹੀ ਪ੍ਰੀਤ ਕੌਰ ਦਾ ਭਰਾ ਜਗਰੂਪ ਸਿੰਘ ਜੱਗਾ ਪੁੱਤਰ ਜਗਤਾਰ ਸਿੰਘ ਆਪਣੇ ਨਾਲ ਕਰਨ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਖਾਲੜਾ, ਲਵਜੀਤ ਸਿੰਘ ਵਾਸੀ ਠਰੂ ਤੇ ਦੋ ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਉਨ੍ਹਾਂ ਦੇ ਘਰ ਆ ਗਿਆ ਤੇ ਆਪਣੀ ਭੈਣ ਦੀ ਮਦਦ ਕਰਨ ਦਾ ਦੋਸ਼ ਲਾਉਂਦਿਆਂ ਉਸ ਦੀ ਤੇ ਉਸ ਦੇ ਪਤੀ ਬਲਜਿੰਦਰ ਸਿੰਘ ਦੀ ਕੁੱਟਮਾਰ ਕਰਕੇ ਸੱਟਾਂ ਲਗਾ ਦਿੱਤੀਆਂ। ਜਿਸ ਕਾਰਨ ਉਸ ਨੂੰ ਛੇਹਰਟਾ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਸਰਾਏ ਅਮਾਨਤ ਖਾਂ ਦੇ ਸਬ ਇੰਸਪੈਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਦੇ ਬਿਆਨਾਂ ’ਤੇ ਪੰਜ ਲੋਕਾਂ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।