- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਬੁੱਢਾ ਪਬਲਿਕ ਸਕੂਲ ‘ਚ ਗੁਰਮਤਿ ਟ੍ਰੇਨਿੰਗ ਕੈਂਪ ਦੇ ਦੂਸਰੇ ਦਿਨ ਵਿਦਿਆਰਥੀਆਂ ਨੇ ਦਿਖਾਇਆ ਉਤਸ਼ਾਹ

ਕੈਪਸ਼ਨ : ਗੁਰਮਤਿ ਟ੍ਰੇਨਿੰਗ ਕੈਂਪ ਦੌਰਾਨ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਵਿਦਿਆਰਥੀ ਨਾਲ ਹਨ ਪ੍ਰਿੰਸੀਪਲ ਡਾ.ਤਰਨਜੀਤ ਸਿੰਘ ਤੇ ਹੋਰ ਸਟਾਫ ।
ਦਿਲਬਾਗ ਸਿੰਘ ਝਬਾਲ, •ਪੰਜਾਬੀ ਜਾਗਰਣ
ਬੀੜ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਾਮਵਾਰ ਵਿੱਦਿਅਕ ਸੰਸਥਾ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਅਤੇ ਐੱਮਐੱਮਏ ਲਾਇਨਜ਼ ਕਲੱਬ ਬਰਮਿੰਘਮ ਵੱਲੋਂ ਪਿਛਲੇ ਦਿਨਾਂ ਤੋਂ ਸ਼ੁਰੂ ਕੀਤੇ ਗਏ ਗੁਰਮਤਿ ਟ੍ਰੇਨਿੰਗ ਕੈਂਪ ਦੇ ਦੂਸਰੇ ਦਿਨ ਦੀਵਾਨ ਹਾਲ ਵਿਖੇ ਨਿਤਨੇਮ ਤੋਂ ਬਾਅਦ ਸਕੂਲ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਦੀ ਹਾਜ਼ਰੀ ਲਗਵਾਈ ਗਈ ਤੇ ਉਪਰੰਤ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਕੈਂਪ ਦੀ ਆਰੰਭਤਾ ਕੀਤੀ ਗਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 15 ਸਕੂਲਾਂ ਤੇ 1 ਕਾਲਜ ਦੇ ਕਰੀਬ 1100 ਵਿਦਿਆਰਥੀਆਂ ਲੜਕੇ ਤੇ ਲੜਕੀਆਂ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿਚ ਸਮੂਹ ਵਿਦਿਆਰਥੀਆਂ ਵੱਲੋਂ ਦਿਲਚਸਪੀ ਨਾਲ ਹਿੱਸਾ ਲਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਹਾਇਕ ਡਾਇਰੈਕਟਰ ਸਕੂਲਜ਼ ਸਤਵੰਤ ਕੌਰ ਵੱਲੋਂ ਸਕੂਲ ਵਿਦਿਆਰਥੀਆਂ ਨਾਲ ਕੈਂਪ ਸਬੰਧੀ ਗੱਲਬਾਤ ਕੀਤੀ ਗਈ।
ਸਤਵੰਤ ਕੌਰ ਨੇ ਆਖਿਆ ਕਿ ਇਸ ਤਰ੍ਹਾਂ ਦੇ ਗੁਰਮਤਿ ਟ੍ਰੇਨਿੰਗ ਕੈਂਪ ਵਿਦਿਆਰਥੀਆਂ ਨੂੰ ਸਿੱਖੀ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿਚ ਅਨੁਸ਼ਾਸਨ, ਨੈਤਿਕ ਮੁੱਲਾਂ ਅਤੇ ਆਤਮਿਕ ਵਿਕਾਸ ਨੂੰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ-ਮਰਯਾਦਾ ਬਾਰੇ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ, ਤਾਂ ਜੋ ਸਾਡੀ ਨੌਜਵਾਨ ਪੀੜੀ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂੰ ਹੋ ਸਕੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿਯਮਿਤ ਸੰਖਿਆ ਤੋਂ ਵੱਧ ਵਿਦਿਆਰਥੀਆਂ ਦਾ ਕੈਂਪ ਵਿਚ ਪਹੁੰਚਣ ਤੋਂ ਪਤਾ ਚੱਲਦਾ ਹੈ ਕਿ ਵਿਦਿਆਰਥੀਆਂ ਦਾ ਉਤਸ਼ਾਹ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕੈਂਪ ਦੀਆਂ ਹਰੇਕ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਗੁਰਮਤਿ ਟ੍ਰੇਨਿੰਗ ਕੈਂਪ ਦੇ ਸਾਰਥਿਕ ਨਤੀਜੇ ਸਾਹਮਣੇ ਆਉਣੇ ਸੰਭਾਵਿਕ ਹਨ। ਅੱਜ ਦੀਆਂ ਗਤੀਵਿਧੀਆਂ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਮਾਜਿਕ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ ਗਏ ਅਤੇ ਗਿਆਨ ਭਰਪੂਰ ਖੇਡਾਂ ਵਿਚ ਹਿੱਸਾ ਲਿਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਬਾਕਸਿੰਗ ਦੇ ਮਾਹਿਰ ਕੋਚਾਂ ਵੱਲੋਂ ਬਾਕਸਿੰਗ ਦੇ ਗੁਣ ਦਿੱਤੇ ਗਏ। ਸਕੂਲਾਂ ਦੇ ਆਰਟ ਵਿਦਿਆਰਥੀਆਂ ਵੱਲੋਂ ਆਪਣੇ ਹੱਥੀ ਤਿਆਰ ਕੀਤੀਆਂ ਗਈਆਂ ਤਸਵੀਰਾਂ ਨੂੰ ਕਲੱਬ ਦੇ ਅਹੁਦੇਦਾਰਾਂ ਪਾਸ ਜਮ੍ਹਾਂ ਵੀ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਸਕੂਲ ਬੱਸਾਂ ਰਾਹੀਂ ਨੇੜਲੇ ਦੇ ਇਤਿਹਾਸਿਕ ਗੁਰਦੁਆਰਾ ਸੰਨ ਸਾਹਿਬ ਵਿਖੇ ਲਿਜਾ ਕੇ ਗੁਰਬਾਣੀ ਦੀ ਸੰਥਿਆ ਵੀ ਦਿੱਤੀ ਗਈ। ਇਸ ਮੌਕੇ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ.ਤਰਨਜੀਤ ਸਿੰਘ, ਪ੍ਰਿੰਸੀਪਲ ਜਗਰੂਪ ਕੌਰ, ਸੁਖਵਿੰਦਰ ਕੌਰ ਛੀਨਾ, ਪ੍ਰਿੰਸੀਪਲ ਪ੍ਰਭਜੀਤ ਸਿੰਘ, ਪ੍ਰਿੰਸੀਪਲ ਹਰਪ੍ਰੀਤ ਸਿੰਘ, ਪ੍ਰਿੰਸੀਪਲ ਧਰਮਬੀਰ ਕੌਰ, ਪ੍ਰਿੰਸੀਪਲ ਕੰਵਲਜੀਤ ਕੌਰ, ਪ੍ਰਿੰਸੀਪਲ ਮਮਤਾ ਕੌਰ ਆਦਿ ਹਾਜਰ ਸਨ।