ਐਸੋਸੀਏਸ਼ਨ ਨੇ ਲਵਲੀਨ ਕੌਰ ਨੂੰ ਤਰਨਤਾਰਨ ’ਚ ਮੁੜ ਤਾਇਨਾਤ ਨਾ ਕਰਨ ਦੀ ਕੀਤੀ ਮੰਗ
ਐਸੋਸੀਏਸ਼ਨ ਨੇ ਲਵਲੀਨ ਕੌਰ ਨੂੰ ਤਰਨਤਾਰਨ ’ਚ ਮੁੜ ਤਾਇਨਾਤ ਨਾ ਕਰਨ ਦੀ ਕੀਤੀ ਮੰਗ
Publish Date: Tue, 07 Apr 2026 05:14 PM (IST)
Updated Date: Wed, 08 Apr 2026 04:02 AM (IST)

ਕੈਪਸ਼ਨ- ਜੁਗਰਾਜ ਕੌਰ। ਕੈਪਸ਼ਨ- ਜੈਸਮੀਨ ਕੌਰ। ਗੁਰਪ੍ਰੀਤ ਸਿੰਘ ਕੱਦਗਿੱਲ, •ਪੰਜਾਬੀ ਜਾਗਰਣ ਤਰਨਤਾਰਨ : ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੀ ਜ਼ਿਲ੍ਹਾ ਪ੍ਰਧਾਨ ਜੈਸਮੀਨ ਕੌਰ ਅਤੇ ਜੁਗਰਾਜ ਕੌਰ ਨੇ ਮੰਗ ਕੀਤੀ ਹੈ ਕਿ ਇਥੋਂ ਦੇ ਸਿਵਲ ਹਸਪਤਾਲ ਵਿਖੇ ਪਿਛਲੇ 15 ਸਾਲ ਤੋਂ ਬਤੌਰ ਡੀਪੀਐੱਮਓ ਤਾਇਨਾਤ ਰਹੀ ਲਵਲੀਨ ਕੌਰ ਨੂੰ ਮੁੜ ਇਥੇ ਨਾ ਤਾਇਨਾਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਮੀਟਿੰਗਾਂ ਦੌਰਾਨ ਮਾੜੀ ਸ਼ਬਦਾਵਲੀ ਬੋਲਣ ਤੇ ਮੀਟਿੰਗਾਂ ’ਚ ਡਿਊਟੀ ਦੌਰਾਨ ਸਸਤੇ ਸੂਟਾਂ ਨੂੰ ਲਿਆ ਕੇ ਮਹਿੰਗੇ ਰੇਟਾਂ ’ਤੇ ਜ਼ਬਰਦਸਤੀ ਵੇਚੇ ਜਾਂਦੇ ਸੂਟਾਂ ਨੂੰ ਨਾ ਖਰੀਦਣ ’ਤੇ ਮੀਟਿੰਗ ’ਚ ਹੀ ਸਟਾਫ਼ ਨੂੰ ਭੱਦੀ ਸ਼ਬਦਾਵਲੀ ਬੋਲਣ ਦੇ ਦੋਸ਼ਾਂ ਦਾ ਮਾਮਲਾ ਭਖਿਆ ਸੀ। ਜਿਸ ਵਿਰੁੱਧ ਜ਼ਿਲ੍ਹਾ ਪੱਧਰ ’ਤੇ ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਵੱਲੋਂ ਸੰਘਰਸ਼ ਕੀਤੇ ਜਾਣ ਕਰ ਕੇ 27 ਜਨਵਰੀ ਨੂੰ ਇਸ ਦਾ ਤਬਾਦਲਾ ਮਾਨਸਾ ਕਰ ਦਿੱਤਾ ਗਿਆ। ਜਦਕਿ 30 ਜਨਵਰੀ ਨੂੰ ਲਵਲੀਨ ਕੌਰ ਨੂੰ ਸਿਵਲ ਸਰਜਨ ਨੇ ਫਾਰਗ ਕਰ ਦਿੱਤਾ ਸੀ। ਪਰ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਅਜੇ ਤਕ ਲਵਲੀਨ ਕੌਰ ਵੱਲੋਂ ਮਾਨਸਾ ਵਿਖੇ ਆਪਣੀ ਡਿਊਟੀ ਨਹੀਂ ਸੰਭਾਲੀ ਗਈ। ਬਲਕਿ ਮੁੜ ਤਰਨਤਾਰਨ ਵਿਖੇ ਤਾਇਨਾਤੀ ਲਈ ਰਾਜਨੀਤਿਕ ਆਗੂਆਂ ਤਕ ਪਹੁੰਚ ਕੀਤੀ ਜਾ ਰਹੀ ਹੈ। ਉੱਧਰ ਬੀਤੇ ਦਿਨ ਸਮੂਹ ਐੱਨਐੱਚਐੱਮ ਯੂਨੀਅਨ ਅਤੇ ਆਸ਼ਾ ਵਰਕਰ ਯੂਨੀਅਨ ਵੱਲੋਂ ਸੀਐੱਚਓਜ਼ ਦੇ ਸਮਰਥਣ ਵਿਚ ਇਕ ਪੱਤਰ ਸੂਬਾ ਪੱਧਰੀ ਅਧਿਕਾਰੀਆਂ ਨੂੰ ਭੇਜ ਕੇ ਲਵਲੀਨ ਕੌਰ ਵੱਲੋਂ ਸਟਾਫ ਨੂੰ ਬੋਲੀ ਜਾਂਦੀ ਘਟੀਆ ਸ਼ਬਦਾਵਲੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਜਦੋਂ ਬੀਤੇ ਦਿਨੀਂ ਡੀਐੱਮਈਓ ਲਵਲੀਨ ਕੌਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਆਸ਼ਾ ਵਰਕਰਾਂ ਦੇ ਘਰ ਕੁਝ ਆਗੂਆਂ ਨੂੰ ਭੇਜ ਆਪਣਾ ਸਾਥ ਲੈਣ ਦੀ ਕੋਸ਼ਿਸ਼ ਕੀਤੀ ਗਈ। ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਜਥੇਬੰਦੀਆਂ ਨੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਉਕਤ ਸਿਹਤ ਅਧਿਕਾਰੀ ਦੀ ਬਦਲੀ ਮੁੜ ਤਰਨਤਾਰਨ ਵਿਖੇ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਲਵਲੀਨ ਕੌਰ ਦੀ ਮੁੜ ਬਦਲੀ ਇਥੇ ਹੁੰਦੀ ਹੈ ਤਾਂ ਵੱਡੇ ਪੱਧਰ ’ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਭੇਜੀ ਗਈ ਸ਼ਿਕਾਇਤ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ : ਲਵਲੀਨ ਕੌਰ ਇਸ ਸਬੰਧੀ ਜਦੋਂ ਲਵਲੀਨ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਉਨ੍ਹਾਂ ਉਪਰ ਲਗਾਏ ਗਏ ਇਲਜ਼ਾਮ ਝੂਠ ਦਾ ਪੁਲੰਦਾ ਹੈ। ਉਨ੍ਹਾਂ ਨੇ ਕਿਸੇ ਨੂੰ ਵੀ ਤੰਗ ਜਾਂ ਪਰੇਸ਼ਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੀ ਇਸ ਯੂਨੀਅਨ ਵੱਲੋਂ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ।