ਪੰਜਾਬ ਗੰਭੀਰ ਸੰਕਟ ‘ਚ, ਜਨਤਾ ਨੂੰ ਹੁਣ ਸਵਾਲ ਪੁੱਛਣੇ ਪੈਣਗੇ : ਗੁਰਮਹਾਂਵੀਰ ਸੰਧੂ
ਪੰਜਾਬ ਗੰਭੀਰ ਸੰਕਟ ‘ਚ, ਜਨਤਾ ਨੂੰ ਹੁਣ ਸਵਾਲ ਪੁੱਛਣੇ ਪੈਣਗੇ - ਗੁਰਮਹਾਂਵੀਰ ਸਿੰਘ ਸੰਧੂ
Publish Date: Tue, 07 Apr 2026 04:56 PM (IST)
Updated Date: Wed, 08 Apr 2026 04:00 AM (IST)

ਕੈਪਸ਼ਨ : ਗੁਰਮਹਾਂਵੀਰ ਸਿੰਘ ਸੰਧੂ ਸਾਬਕਾ ਚੇਅਰਮੈਨ। * ਪੰਜਾਬ ਦੀ ਸਿਆਸਤ ਸਾਫ਼-ਸੁਥਰੀ ਹੋਵੇ, ਜਿਥੇ ਲੋਕਾਂ ਦੀ ਕਮਾਈ ਦਾ ਹਰ ਪੈਸਾ ਲੋਕਾਂ ’ਤੇ ਹੀ ਖਰਚ ਹੋਵੇ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਪੰਜਾਬ ਦੇ ਆਮ ਲੋਕ ਹਰ ਦਿਨ ਗ਼ਰੀਬੀ ਵੱਲ ਧੱਕੇ ਜਾ ਰਹੇ ਹਨ, ਜਦਕਿ ਲੋਕਾਂ ਵੱਲੋਂ ਚੁਣੇ ਹੋਏ ਲੀਡਰਾਂ ਦੀਆਂ ਜਾਇਦਾਦਾਂ ਲਗਾਤਾਰ ਵੱਧ ਰਹੀਆਂ ਹਨ। ਇਹ ਹਾਲਤ ਸਿਰਫ਼ ਚਿੰਤਾਜਨਕ ਹੀ ਨਹੀਂ, ਸਗੋਂ ਭਵਿੱਖ ਲਈ ਖ਼ਤਰਨਾਕ ਸੰਕੇਤ ਵੀ ਹੈ। ਇਹ ਪ੍ਰਗਟਾਵਾਂ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ ’ਤੇ ਤਿੱਖਾ ਹਮਲਾ ਕਰਦੇ ਹੋਏ ਸਾਬਕਾ ਚੇਅਰਮੈਨ ਗੁਰਮਹਾਂਵੀਰ ਸਿੰਘ ਸੰਧੂ ਨੇ ਕਰਦਿਆਂ ਕਿਹਾ ਕਿ ਪੰਜਾਬ ਇਸ ਸਮੇਂ ਗੰਭੀਰ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ, ਪਰ ਇਸ ਮਾਮਲੇ ’ਤੇ ਨਾ ਤਾਂ ਕੋਈ ਗੰਭੀਰ ਚਰਚਾ ਹੋ ਰਹੀ ਹੈ ਅਤੇ ਨਾ ਹੀ ਲੀਡਰ ਇਸ ਨੂੰ ਆਪਣੀ ਤਰਜੀਹ ਬਣਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਹਾਲਾਤ ਅਜਿਹੇ ਹੀ ਰਹੇ ਤਾਂ ਆਉਣ ਵਾਲੇ ਦੋ ਸਾਲਾਂ ’ਚ ਸਥਿਤੀ ਇੰਨੀਂ ਖ਼ਰਾਬ ਹੋ ਸਕਦੀ ਹੈ ਕਿ ਸਰਕਾਰ ਲਈ ਕਰਮਚਾਰੀਆਂ ਨੂੰ ਤਨਖਾਹ ਦੇਣਾ ਵੀ ਮੁਸ਼ਕਿਲ ਹੋ ਜਾਵੇਗਾ ਅਤੇ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਦੀ ਕਮੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿਸੇ ਘਰ ਵਿਚ ਆਮਦਨ ਦਾ ਸਰੋਤ ਖਤਮ ਹੋਣ ‘ਤੇ ਪਰਿਵਾਰ ਚਿੰਤਾ ਵਿਚ ਡੁੱਬ ਜਾਂਦਾ ਹੈ, ਉਸੇ ਤਰ੍ਹਾਂ ਪੰਜਾਬ ਦੀ ਆਰਥਿਕ ਹਾਲਤ ਵੀ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ, ਪਰ ਇਸ ਗੰਭੀਰ ਮਸਲੇ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਛੋਟੇ-ਮੋਟੇ ਵਿਸ਼ਿਆਂ ਨੂੰ ਉਭਾਰਿਆ ਜਾਂਦਾ ਹੈ, ਜਿਸ ਨਾਲ ਲੋਕ ਗੁੰਮਰਾਹ ਹੁੰਦੇ ਹਨ। ਸੰਧੂ ਨੇ ਕਿਹਾ ਕਿ ਪੰਜਾਬ ਨੂੰ ਅੱਗੇ ਵਧਾਉਣ ਲਈ ਕੋਈ ਸਪੱਸ਼ਟ ਦਿਸ਼ਾ ਨਹੀਂ ਦਿਖਾਈ ਦੇ ਰਹੀ। ਨਾ ਹੀ ਸਿਆਸੀ ਲੀਡਰ ਇਸ ਬਾਰੇ ਗੰਭੀਰ ਹਨ, ਨਾ ਹੀ ਬਿਊਰੋਕ੍ਰੇਸੀ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਅਤੇ ਨਾ ਹੀ ਵੋਟਰ ਪੂਰੀ ਤਰ੍ਹਾਂ ਜਾਗਰੂਕ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਤਿੰਨੇ ਪੱਖ ਆਪਣੀ ਜ਼ਿੰਮੇਵਾਰੀ ਨਹੀਂ ਸਮਝਣਗੇ, ਤਦੋਂ ਤਕ ਹਾਲਾਤ ਨਹੀਂ ਬਦਲਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਚੱਲ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ ਵਿਚ ਵੱਡੇ ਪੱਧਰ ‘ਤੇ ਘਪਲੇਬਾਜ਼ੀ ਹੋ ਰਹੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਨਿਵੇਸ਼ ਦੀ ਕਮੀ ਕਾਰਨ ਵਿਕਾਸ ਰੁਕਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਯੋਜਨਾਵਾਂ ਜ਼ਮੀਨ ‘ਤੇ ਘੱਟ ਅਤੇ ਕਾਗਜ਼ਾਂ ‘ਤੇ ਜ਼ਿਆਦਾ ਦਿਖਾਈ ਦਿੰਦੀਆਂ ਹਨ। ਸੰਧੂ ਨੇ ਸਰਕਾਰੀ ਜਾਇਦਾਦਾਂ ਵੇਚਣ ਦੇ ਮਾਮਲੇ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਦੀ ਸਰਕਾਰ ਵੱਲੋਂ ਸ਼ਹਿਰੀ ਇਲਾਕਿਆਂ ਵਿਚ ਵਾਧੂ ਜਾਇਦਾਦਾਂ ਵੇਚੀਆਂ ਗਈਆਂ ਸਨ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਪਿੰਡਾਂ ਵਿਚ ਵਾਧੂ ਜ਼ਮੀਨਾਂ ਵੇਚਣ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਨੀਤੀ ਨਾਲ ਸੂਬੇ ਦਾ ਭਵਿੱਖ ਹੋਰ ਅਸੁਰੱਖਿਅਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਸਾਫ਼-ਸੁਥਰੀ ਅਤੇ ਪਾਰਦਰਸ਼ੀ ਰਾਜਨੀਤੀ ਦੀ ਸ਼ੁਰੂਆਤ ਕਰਨ ਦੀ ਲੋੜ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਹੀ ਹਾਲਾਤ ਜਾਰੀ ਰਹੇ, ਤਾਂ ਪੰਜਾਬ ਦੀ ਆਰਥਿਕ ਸਥਿਤੀ ਹੋਰ ਵੀ ਨਾਜ਼ੁਕ ਹੋ ਸਕਦੀ ਹੈ, ਜਿਸਦਾ ਸਿੱਧਾ ਅਸਰ ਆਮ ਲੋਕਾਂ ‘ਤੇ ਪਵੇਗਾ। ਮੈਂ ਚਾਹੁੰਦਾ ਹਾਂ ਕਿ ਪੰਜਾਬ ਦੀ ਸਿਆਸਤ ਸਾਫ਼-ਸੁਥਰੀ ਹੋਵੇ, ਜਿਥੇ ਲੋਕਾਂ ਦੀ ਕਮਾਈ ਦਾ ਹਰ ਪੈਸਾ ਲੋਕਾਂ ‘ਤੇ ਹੀ ਖਰਚ ਹੋਵੇ।