ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਨੇੜੇ ਸੜਕ ਦੀ ਹਾਲਤ ਖ਼ਸਤਾ, ਪ੍ਰਸ਼ਾਸਨ ਬੇਖ਼ਬਰ
ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਨੇੜੇ ਸੜਕ ਦੀ ਖ਼ਸਤਾਹਾਲ, ਪ੍ਰਸ਼ਾਸਨ ਬੇਖ਼ਬਰ
Publish Date: Tue, 07 Apr 2026 04:49 PM (IST)
Updated Date: Wed, 08 Apr 2026 04:00 AM (IST)

ਕੈਪਸ਼ਨ - ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਨੇੜੇ ਖਸਤਾ ਹਾਲ ਸੜਕ ਤੋਂ ਲੰਘਦੇ ਲੋਕ। * ਮਾਪੇ ਬੋਲੇ, ਕੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੀ ਸੁਰੱਖਿਆ ਦੀ ਕੋਈ ਪਰਵਾਹ ਨਹੀਂ ? ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਪੱਟੀ ਸ਼ਹਿਰ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਨੇੜੇ ਰੈਗਰ ਕਾਲੋਨੀ ’ਚ ਸੜਕ ਦੀ ਹਾਲਤ ਬਹੁਤ ਹੀ ਖ਼ਸਤਾ ਹਾਲ ਬਣੀ ਹੋਈ ਹੈ, ਜਿਸ ਕਾਰਨ ਹਰ ਰੋਜ਼ ਆਉਣ-ਜਾਣ ਵਾਲੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮੌਕੇ ਰਾਹਗੀਰ ਪ੍ਰਦੀਪ ਸੰਧੂ, ਹਰਜਿੰਦਰ ਸਿੰਘ, ਮਨੀਸ਼ ਕੁਮਾਰ, ਸੁਨੀਤਾ ਅਤੇ ਰਜਨੀਤ ਕੌਰ ਨੇ ਕਿਹਾ ਕਿ ਸਕੂਲ ਦੇ ਨੇੜੇ ਗੇਟ ਅੱਗੇ ਸੜਕ ਟੁੱਟੀ ਹੋਈ ਹੈ ਅਤੇ ਕਈ ਥਾਵਾਂ ’ਤੇ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਫਿਸਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਖਾਸ ਕਰ ਕੇ ਛੋਟੇ ਬੱਚਿਆਂ ਲਈ ਇਹ ਹਾਲਤ ਬਹੁਤ ਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਸਵੇਰੇ ਤੇ ਛੁੱਟੀ ਵੇਲੇ ਇਥੇ ਭਾਰੀ ਭੀੜ ਹੋਣ ਕਰ ਕੇ ਕਿਸੇ ਵੀ ਵੇਲੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਮੌਕੇ ਕਾਲੋਨੀ ਵਾਸੀ ਹੇਮਰਾਜ, ਬਲਜਿੰਦਰ ਸਿੰਘ, ਸਤਨਾਮ ਸਿੰਘ ’ਤੇ ਸਥਾਨਕ ਲੋਕਾਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਬਾਰੇ ਕਈ ਵਾਰ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਜਾਣੂੰ ਕਰਵਾਇਆ ਗਿਆ ਹੈ, ਪਰ ਅਜੇ ਤਕ ਕੋਈ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਨਾ ਤਾਂ ਕਿਸੇ ਸਰਕਾਰੀ ਅਧਿਕਾਰੀ ਨੇ ਮੌਕੇ ’ਤੇ ਆ ਕੇ ਹਾਲਤ ਦਾ ਜਾਇਜ਼ਾ ਲਿਆ ਹੈ ਤੇ ਨਾ ਹੀ ਕਿਸੇ ਰਾਜਨੀਤਿਕ ਨੁਮਾਇੰਦੇ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਇਲਾਕਾ ਵਾਸੀਆਂ ਨੇ ਸਵਾਲ ਉਠਾਇਆ ਕਿ ਵਿਕਾਸ ਸਿਰਫ਼ ਕੁਝ ਖਾਸ ਇਲਾਕਿਆਂ ਤਕ ਹੀ ਸੀਮਿਤ ਰਹਿ ਗਿਆ ਹੈ। ਕੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਸੁਰੱਖਿਆ ਦੀ ਕੋਈ ਪਰਵਾਹ ਨਹੀਂ? ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਅਤੇ ਕਿਸੇ ਕਿਸਮ ਦਾ ਹਾਦਸਾ ਵਾਪਰਦਾ ਹੈ, ਤਾਂ ਇਸਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਲੋਕਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਕੂਲ ਗੇਟ ਅੱਗੇ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਕੂਲ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਚਿਰ ਪ੍ਰਸ਼ਾਸ਼ਨ ਇੱਧਰ ਧਿਆਨ ਨਹੀਂ ਦਿੰਦਾ, ਆਪ ਮਿੱਟੀ ਪਾ ਕੇ ਇਸ ਨੂੰ ਪੱਧਰਾ ਕੀਤਾ ਜਾਵੇ।