ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ
Publish Date: Tue, 07 Apr 2026 04:39 PM (IST)
Updated Date: Wed, 08 Apr 2026 04:00 AM (IST)

ਕੈਪਸ਼ਨ- ਸ੍ਰੀ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਮੌਕੇ ਮੈਨੇਜਰ ਹਰਜਿੰਦਰ ਸਿੰਘ ਪੱਟੀ, ਸਿੰਘ ਸਾਹਿਬ ਗਿਆਨੀ ਸਤਪਾਲ ਸਿੰਘ ਪੰਜ ਪਿਆਰੇ ਸਾਹਿਬਾਨ ਦੇ ਨਾਲ। ਕੈਪਸ਼ਨ- ਗੁਰੂ ਸਾਹਿਬ ਨੂੰ ਸਲਾਮੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਜਵਾਨ। ਕੈਪਸ਼ਨ- ਨਗਰ ਕੀਰਤਨ ਦੌਰਾਨ ਨਗਾੜੇ ਦੀ ਸੇਵਾ ਕਰਦੇ ਹੋਏ ਅਮਰਜੀਤ ਸਿੰਘ ਬਿੱਲਾ। ਕੈਪਸ਼ਨ- ਗੁਰੂ ਸਾਹਿਬ ਦੀ ਸਵਾਰੀ ਅੱਗੇ ਸਫਾਈ ਦੀ ਸੇਵਾ ਕਰਦੀਆਂ ਬੀਬੀਆਂ। ਕੈਪਸ਼ਨ- ਗੱਤਕੇ ਦੇ ਜੌਹਰ ਦਿਖਾਉਂਦੇ ਹੋਏ ਨੌਜਵਾਨ। ਕੈਪਸ਼ਨ- ਭਾਰੀ ਬਰਸਾਤ ਦੇ ਬਾਵਜੂਦ ਨੰਨ੍ਹਾ ਬੱਚਾ ਗੱਤਕੇ ਦੇ ਜੌਹਰ ਦਿਖਾਉਂਦਾ ਹੋਇਆ। ਕੈਪਸ਼ਨ- ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਦੇ ਸੇਵਾਦਾਰ। * ਮੋਹਲੇਧਾਰ ਮੀਂਹ ਦੇ ਬਾਵਜੂਦ ਵੱਡੀ ਗਿਣਤੀ ’ਚ ਸੰਗਤ ਨੇ ਸ਼ਰਧਾ ਨਾਲ ਭਰੀ ਹਾਜ਼ਰੀ * ਪੰਜਾਬ ਪੁਲਿਸ ਦੀ ਟੁਕੜੀ ਨੇ ਸਤਿਕਾਰ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਪੰਚਮ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਗੁਰਮਤਿ ਸਮਾਗਮਾਂ ਦੇ ਮੰਗਲਵਾਰ ਨੂੰ ਅੱਠਵੇਂ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਅਸਥਾਨ ਸਰਾਂ ਤੋਂ ਸਜਾਇਆ ਗਿਆ। ਮੋਹਲੇਧਾਰ ਮੀਂਹ ਹੋਣ ਦੇ ਬਾਵਜੂਦ ਵੱਡੀ ਗਿਣਤੀ ਸੰਗਤ ਨੇ ਨਗਰ ਕੀਰਤਨ ਵਿਚ ਸ਼ਰਧਾ ਭਾਵਨਾ ਨਾਲ ਹਾਜਰੀ ਭਰੀ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸਤਪਾਲ ਸਿੰਘ ਵੱਲੋਂ ਨਗਰ ਕੀਰਤਨ ਦੇ ਆਰੰਭਤਾ ਦੀ ਅਰਦਾਸ ਕਰਨ ਉਪਰੰਤ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਭੇਟ ਕਰ ਕੇ ਸਮਾਨਿਤ ਕੀਤਾ। ਜਦਕਿ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਸਲਾਮੀ ਦਿੱਤੀ। ਉਪਰੰਤ ਇਹ ਨਗਰ ਕੀਰਤਨ ਸਰਕੂਲਰ ਰੋਡ ਤੋਂ ਹੁੰਦਾ ਹੋਇਆ ਸ਼ਹਿਰ ਦੀ ਮੁੱਖ ਸੜਕ ’ਤੇ ਪੁੱਜਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲਈ ਫੁੱਲਾਂ ਨਾਲ ਸ਼ਿੰਗਾਰੇ ਗਏ ਵਾਹਨ ਦੇ ਅੱਗੇ ਸੈਂਕੜੇ ਬੀਬੀਆਂ ਵੱਲੋਂ ਸਫਾਈ ਦੀ ਸੇਵਾ ਨਿਭਾਈ ਗਈ। ਜਦੋਂਕਿ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਬੈਂਡ ਪਾਰਟੀਆਂ ਨੇ ਵੀ ਨਗਰ ਕੀਰਤਨ ਦੀ ਸ਼ੋਭਾ ਵਧਾਈ। ਨਗਰ ਕੀਰਤਨ ਦੇ ਨਾਲ ਨਗਾੜਾ ਅਤੇ ਨਰਸਿੰਘੇ ਦੀ ਸੇਵਾ ਵੀ ਸੇਵਾਦਾਰਾਂ ਵੱਲੋਂ ਵਰ੍ਹਦੇ ਮੀਂਹ ਵਿਚ ਸ਼ਰਧਾ ਨਾਲ ਨਿਭਾਈ ਗਈ। ਮੁੱਖ ਸੜਕ ਤੋਂ ਹੁੰਦੇ ਹੋਏ ਇਹ ਅਲੌਕਿਕ ਨਗਰ ਕੀਰਤਨ ਤਹਿਸੀਲ ਬਜ਼ਾਰ, ਸ੍ਰੀ ਦਰਬਾਰ ਸਾਹਿਬ ਬਜ਼ਾਰ, ਅੱਡਾ ਬਜ਼ਾਰ ’ਚੋਂ ਹੁੰਦਾ ਹੋਇਆ ਬੋਹੜੀ ਵਾਲੇ ਬਜ਼ਾਰ ਰਾਂਹੀ ਵਾਪਸ ਸਰਾਂ ਵਿਚ ਸਮਾਪਤ ਹੋਇਆ। ਮੰਗਲਵਾਰ ਨੂੰ ਭਾਰੀ ਬਰਸਾਤ ਹੋਣ ਦੇ ਬਾਵਜੂਦ ਸ਼ਹਿਰ ਵਿਚ ਵੱਖ-ਵੱਖ ਪੜਾਵਾਂ ’ਤੇ ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰਦਿਆਂ ਗੁਰੂ ਸਾਹਿਬ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ। ਜਦੋਂਕਿ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਨੂੰ ਵੱਖ-ਵੱਖ ਪ੍ਰਕਾਰ ਦੇ ਪ੍ਰਸ਼ਾਦ ਵੀ ਵਰਤਾਏ ਗਏ। ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਅਤੇ ਹੋਰ ਥਾਵਾਂ ’ਤੇ ਗੱਤਕਾ ਦਲਾਂ ਦੇ ਨੌਜਵਾਨਾਂ ਵੱਲੋਂ ਸਿੱਖ ਮਾਰਸ਼ਲ ਆਰਟ ਦੇ ਜੌਹਰ ਦਿਖਾਏ। ਜਦੋਂਕਿ ਗੱਤਕਾ ਦਲ ਵਿਚ ਛੋਟੇ-ਛੋਟੇ ਬੱਚਿਆਂ ਦੇ ਜੌਹਰ ਵੇਖ ਵੀ ਸ਼ਰਧਾਲੂ ਹੈਰਾਨ ਰਹਿ ਗਏ। ਨਗਰ ਕੀਰਤਨ ਦੀ ਸੰਪੂਰਨਤਾ ਮੌਕੇ ਸਰਾਂ ਦੇ ਬਾਹਰ ਸਮਾਗਮਾਂ ਦਾ ਆਯੋਜਨ ਕਰਨ ਵਾਲੀ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਦੇ ਸੇਵਾਦਾਰਾਂ ਵੱਲੋਂ ਨਗਰ ਕੀਰਤਨ ਵਿਚ ਸ਼ਾਮਲ ਸਕੂਲਾਂ, ਸ਼ਬਦੀ ਜਥਿਆਂ, ਬੈਂਡ ਪਾਰਟੀਆਂ ਅਤੇ ਨਗਰ ਕੀਰਤਨ ਦੌਰਾਨ ਸੁਰੱਖਿਆ ਤੇ ਟਰੈਫਿਕ ਸੁਚਾਰੂ ਰੱਖਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।