ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮਾਂ ਨੇ ਕੀਤਾ ਪੁਤਲਾ ਫੂਕ ਮੁਜ਼ਾਹਰਾ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮਾਂ ਨੇ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Tue, 07 Apr 2026 04:07 PM (IST)
Updated Date: Wed, 08 Apr 2026 03:59 AM (IST)

* 15 ਤੋਂ ਵਿੱਤ ਮੰਤਰੀ ਦੇ ਹਲਕੇ ਦਿੜਬਾ ’ਚ ਲਗਾਤਾਰ ਝੰਡਾ ਮਾਰਚ ਸ਼ੁਰੂ ਕਰਨ ਦਾ ਕੀਤਾ ਐਲਾਨ ਕੈਪਸ਼ਨ - ਤਰਨਤਾਰਨ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮ ਸੂਬਾ ਸਰਕਾਰ ਦਾ ਪੂਤਲਾ ਫੂਕਦੇ ਹੋਏ। ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਫ਼ੈਸਲੇ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨੇ ਗਾਂਧੀ ਪਾਰਕ ਤਰਨਤਾਰਨ ਤੋਂ ਰੇਲਵੇ ਚੌਂਕ ਤਕ ਮਾਰਚ ਕਰਕੇ ਪੰਜਾਬ ਸਰਕਾਰ ਦੀ ਕੈਬਨਿਟ ਸਬ-ਕਮੇਟੀ ਦੇ ਮੈਂਬਰਾਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਗੁਰਵਿੰਦਰ ਸਿੰਘ ਬਾਠ, ਜ਼ਿਲ੍ਹਾ ਆਗੂ ਦਿਲਬਾਗ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਚੇ, ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਗਠਿਤ ਕੈਬਨਿਟ ਸਬ-ਕਮੇਟੀ ਵੱਲੋਂ ਪਿਛਲੇ ਚਾਰ ਸਾਲਾਂ ਦੇ ਦੌਰਾਨ ਠੇਕਾ ਮੁਲਾਜ਼ਮਾਂ ਨਾਲ ਝੂਠੇ ਲਾਰੇ ਹੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਬ ਕਮੇਟੀ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨਾਲ 7 ਅਪ੍ਰੈਲ ਨੂੰ ਪੈਨਲ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਸੀ। ਪਰ ਇਹ ਮੀਟਿੰਗ ਮੁਲਤਵੀਂ ਕਰ ਦਿੱਤੀ ਗਈ। ਜਿਸ ਦੇ ਰੋਸ ਵਜੋਂ ਮੋਰਚੇ ਵੱਲੋਂ ਪੰਜਾਬ ਭਰ ’ਚ ਸਬ ਕਮੇਟੀ ਦੇ ਚੇਅਰਮੈਨ-ਕਮ-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਸੰਜੀਵ ਅਰੋੜਾ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪੁਤਲੇ ਫੂਕ ਕੇ ਪੰਜਾਬ ਸਰਕਾਰ ਵਿਰੁੱਧ ਰੋਹ ਭਰਪੂਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਸਾਲਾਂਬੱਧੀ ਅਰਸੇ ਤੋਂ ਸੇਵਾਵਾਂ ਦੇ ਰਹੇ ਠੇਕਾ ਮੁਲਾਜ਼ਮ ਵਿਰੋਧੀ ਅਪਣਾਈਆਂ ਜਾ ਰਹੀਆਂ ਮਾਰੂ ਨੀਤੀਆਂ ਦੀ ਨਿਖੇਧੀ ਕਰਦੇ ਹੋਏ ਮੋਰਚੇ ਵੱਲੋਂ ਵਿੱਤ ਮੰਤਰੀ ਦੇ ਹਲਕੇ ਦਿੜ੍ਹਬਾ ’ਚ 15 ਅਪ੍ਰੈਲ ਤੋਂ ਫਿਰ ਲਗਾਤਾਰ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਪਿਛਲੇ ਲੰਮੇ ਅਰਸੇ ਤੋਂ ਕੰਮ ਕਰਦੇ ਆ ਰਹੇ ਇਨਲਿਸਟਮੈਂਟ ਅਤੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਸਬੰਧਤ ਵਿਭਾਗਾਂ ਵਿਚ ਲਿਆ ਕਿ ਰੈਗੂਲਰ ਕੀਤਾ ਜਾਵੇ, ਗੁਜ਼ਾਰੇ ਯੋਗ, ਘੱਟੋਂ-ਘੱਟ ਉਜਰਤ ਦੇ ਕਾਨੂੰਨ 1948 ਅਤੇ 15ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਨੂੰ ਅਧਾਰ ਮੰਨ ਕੇ ਇਨਲਿਸਟਮੈਂਟ, ਆਊਟਸੋਰਸ ਮੁਲਾਜ਼ਮਾਂ ਦੀ ਤਨਖਾਹ ਤੈਅ ਕੀਤੀ ਜਾਵੇ, ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇ ਵਿਗਿਆਨਕ ਅਸੂਲ ਨੂੰ ਲਾਗੂ ਕੀਤਾ ਜਾਵੇ, ਸਰਕਾਰੀ ਵਿਭਾਗਾਂ ਦਾ ਨਿੱਜੀਕਰਨ, ਪੰਚਾਇਤੀਕਰਨ ਦੀ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ, ਸੇਵਾ ਸਮੇਂ ਦੌਰਾਨ ਹੋਣ ਵਾਲੇ ਗੈਰ-ਘਾਤਕ ਹਾਦਸਿਆਂ ਸੋ ਫੀਸਦੀ ਭਰਪਾਈ ਵਿਭਾਗ ਵੱਲੋਂ ਕਰਨ ਦੀ ਗਰੰਟੀ ਕੀਤੀ ਜਾਵੇ। ਘਾਤਕ ਹਾਦਸਿਆਂ ਦੀ ਸੂਰਤ ਵਿਚ ਘੱਟੋਂ-ਘੱਟ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ੇ ਦੀ ਅਦਾਇਗੀ ਦੇ ਨਾਲ ਪਰਿਵਾਰ ਦੇ ਇਕ ਜੀਅ ਨੂੰ ਪੱਕੀ ਨੌਕਰੀ ਅਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ, ਸੇਵਾ ਮੁਕਤ ਹੋਣ ’ਤੇ ਇਨਲਿਸਟਮੈਂਟ, ਆਊਟਸੋਰਸ ਠੇਕਾ ਮੁਲਾਜ਼ਮਾਂ ਲਈ ਪੈਨਸ਼ਨ ਅਤੇ ਗਰੈਚੁਟੀ ਦੇ ਲਾਭ ਦੀ ਅਦਾਇਗੀ ਕੀਤੀ ਜਾਵੇ, ਇਸ ਵਿਉਂਤਬੰਦੀ ਨੂੰ ਲਾਗੂ ਕਰਨ ਦੇ ਸਮੇਂ ਤਕ ਹਰ ਰਿਟਾਇਰੀ ਮੁਲਾਜ਼ਮ ਨੂੰ 50 ਲੱਖ ਰੁਪਏ ਦੀ ਅਦਾਇਗੀ ਦੇ ਨਾਲ ਪਰਿਵਾਰ ਦੇ ਇਕ ਜੀਅ ਲਈ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ, ਇਨਲਿਸਟਮੈਟ ਠੇਕਾ ਅਧਾਰਿਤ ਵਰਕਰਾਂ ਨੂੰ ਵੀ ਈਪੀਐੱਫ ਅਤੇ ਈਐੱਸਆਈ ਸਕੀਮ ਅਧੀਨ ਲਿਆਂਦਾ ਜਾਵੇ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਬਾਕੀਪੁਰ, ਬ੍ਰਾਂਚ ਜਨਰਲ ਸਕੱਤਰ ਪੰਜਾਬ ਸਿੰਘ, ਬ੍ਰਾਂਚ ਆਗੂ ਮਨਜਿੰਦਰ ਸਿੰਘ ਸਬ ਡਿਵੀਜ਼ਨ ਪ੍ਰਧਾਨ ਗੁਰਿੰਦਰ ਸਿੰਘ, ਬਲਾਕ ਆਗੂ ਪ੍ਰਤਾਪ ਸਿੰਘ ਮਹਿੰਦਰ ਸਿੰਘ, ਨਿਰਮਲ ਸਿੰਘ ਬਹਿਲਾ, ਗੁਰਜੀਤ ਸਿੰਘ, ਸਿਮਰਨਜੀਤ ਸਿੰਘ, ਨਿਰਮਲ ਸਿੰਘ ਧੂੰਦਾ, ਜਸਪਾਲ ਸਿੰਘ ਠਰੂ ਆਦਿ ਹਾਜ਼ਰ ਸਨ।