ਤਰਨਤਾਰਨ ਜ਼ਿਲ੍ਹੇ ’ਚ ਦੋ ਨਾਬਾਲਿਗ ਕੁੜੀਆਂ ਦੇ ਕਰ ਦਿੱਤੇ ਵਿਆਹ
ਤਰਨਤਾਰਨ ਜ਼ਿਲ੍ਹੇ ’ਚ ਦੋ ਨਾਬਾਲਿਗ ਕੁੜੀਆਂ ਦੇ ਕਰ ਦਿੱਤੇ ਵਿਆਹ
Publish Date: Fri, 03 Apr 2026 08:13 PM (IST)
Updated Date: Sat, 04 Apr 2026 04:13 AM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਦੋ ਨਾਬਾਲਿਗ ਕੁੜੀਆਂ ਦੇ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਚਾਈਲਡ ਵੈਲਫੇਅਰ ਕਮੇਟੀ ਤਰਨਤਾਰਨ ਦੇ ਧਿਆਨ ਵਿਚ ਆਉਣ ਤੋਂ ਬਾਅਦ ਚੇਅਰਪਰਸਨ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਗੋਇੰਦਵਾਲ ਸਾਹਿਬ ਵਿਖੇ ਦੋ ਮੁਕੱਦਮੇ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿਚ ਪੰਜ ਲੋਕਾਂ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਦੀ ਲੜਕੀ ਦਾ ਵਿਆਹ ਕੋਮਲਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮੱਲੀਆ ਨਾਲ ਤੈਅ ਹੋਇਆ ਸੀ। ਅਚਾਨਕ ਉਕਤ ਕੁੜੀ ਨੇ ਵਿਆਹ ਤੋਂ ਮਨ੍ਹਾਂ ਕਰ ਦਿੱਤਾ ਤਾਂ ਲੜਕੀ ਦੀ ਨਾਨੀ ਨੇ ਉਸ ਲੜਕੀ ਦੀ ਛੋਟੀ ਨਾਬਾਲਿਗ ਭੈਣ ਦਾ ਵਿਆਹ ਉਕਤ ਲੜਕੇ ਨਾਲ ਕਰ ਦਿੱਤਾ। ਜਦੋਂ ਇਹ ਮਾਮਲਾ ਵਿਭਾਗ ਦੇ ਧਿਆਨ ਵਿਚ ਆਇਆ ਤਾਂ ਚਾਈਲਡ ਵੈਲਫੇਅਰ ਕਮੇਟੀ ਦੇ ਚੇਅਰਪਰਸਨ ਅਮਨਪ੍ਰੀਤ ਕੌਰ ਵਲੋਂ ਐੱਸਐੱਸਪੀ ਨੂੰ ਪੱਤਰ ਲਿਖ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ’ਚ ਲਿਖੇ ਉਕਤ ਪੱਤਰ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਕੋਮਲਪ੍ਰੀਤ ਸਿੰਘ ਤੋਂ ਇਲਾਵਾ ਲੜਕੀ ਦੇ ਕੁਲਵਿੰਦਰ ਸਿੰਘ, ਮਾਤਾ ਸੰਦੀਪ ਕੌਰ ਅਤੇ ਵਿਆਹ ਕਰਵਾਉਣ ਵਾਲੇ ਸ਼ੇਖਚੱਕ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹਰਭੇਜ ਸਿੰਘ ਵਿਰੁੱਧ ਥਾਣਾ ਗੋਇੰਦਵਾਲ ਸਾਹਿਬ ਵਿਚ ਕੇਸ ਦਰਜ ਕੀਤਾ ਗਿਆ ਹੈ। ਜਦੋਂਕਿ ਅਜਿਹਾ ਹੀ ਇਕ ਮਾਮਲਾ ਪਿੰਡ ਤੁੜ ਤੋਂ ਵੀ ਸਾਹਮਣੇ ਆਇਆ ਸੀ, ਜਿਥੇ ਮਾਰਚ ਮਹੀਨੇ ’ਚ ਹੋਏ ਨਾਬਾਲਿਗ ਕੁੜੀ ਦੇ ਵਿਆਹ ਦੀ ਸ਼ਿਕਾਇਤ ਮਿਲਣ ਉਪਰੰਤ ਚੇਅਰਪਰਸਨ ਅਮਨਪ੍ਰੀਤ ਕੌਰ ਵਲੋਂ ਐੱਸਐੱਸਪੀ ਨੂੰ ਪੱਤਰ ਲਿਖ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਸੋਹਣ ਸਿੰਘ ਵਾਸੀ ਤੁੜ ਨਾਮਕ ਵਿਅਕਤੀ ਵਿਰੁੱਧ ਥਾਣਾ ਗੋਇੰਦਵਾਲ ਸਾਹਿਬ ਵਿਚ ਕੇਸ ਦਰਜ ਕੀਤਾ ਹੈ।