‘ਆਪ’ ਸਰਕਾਰ ਦੇ ਰਾਜ ’ਚ ਆਮ ਲੋਕਾਂ ਉੱਤੇ ਕੀਤਾ ਜਾ ਰਿਹਾ ਅੱਤਿਆਚਾਰ - ਰਾਜਬੀਰ ਭੁੱਲਰ

ਕੈਪਸ਼ਨ - ਰਾਜਬੀਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤਰਨਤਾਰਨ।
* ਪਿੰਡ ਵੇਂਈਂਪੂੰਈਂ ’ਚ ‘ਆਪ’ ਸਰਪੰਚ ਤਰਫੋਂ ਦਲਿਤ ਪਰਿਵਾਰਾਂ ਦੇ ਘਰ ਨੂੰ ਅੱਗ ਲਗਾਉਣ ਦੀ ਕੀਤੀ ਨਿੰਦਾ
* ਕਿਹਾ, ਸਿਸੋਦੀਆ ਤਰਫੋਂ ਦਰਸਾਈ ਸਾਮ, ਦਾਮ, ਦੰਡ-ਭੇਦ ਦੀ ਨੀਤੀ ’ਤੇ ਚੱਲ ਰਹੇ ‘ਆਪ’ ਕਾਰਕੁੰਨ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ’ਚ ਜਿਥੇ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ, ਉਥੇ ਹੀ ਸੱਤਾ ਦੇ ਨਸ਼ੇ ’ਚ ਚੂਰ ਹੋਏ ਆਮ ਆਦਮੀ ਪਾਰਟੀ ਦੇ ਆਗੂਆੰ ਵੱਲੋਂ ਸ਼ਰੇਆਮ ਗਰੀਬਾਂ ਅਤੇ ਦਲਿਤਾਂ ਉੱਤੇ ਅੰਨ੍ਹਾ ਅੱਤਿਆਚਾਰ ਕੀਤਾ ਜਾ ਰਿਹਾ ਹੈ। ਜੋ ਕਿ ਅਤਿ ਨਿੰਦਣਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਵੇਂਈਂਪੂੰਈਂ ਦੇ ਮੌਜੂਦਾ ਸਰਪੰਚ ਜੋ ਕਿ ਹਲਕੇ ਦੇ ਮੌਜੂਦਾ ਵਿਧਾਇਕ ਦਾ ਕਰੀਬੀ ਰਿਸ਼ਤੇਦਾਰ ਹੈ, ਵੱਲੋਂ ਬੀਤੇ ਦਿਨੀਂ ਮਾਮੂਲੀ ਝਗੜੇ ਦੇ ਚੱਲਦਿਆਂ ਦੋ ਦਲਿਤ ਪਰਿਵਾਰਾਂ ਦੇ ਘਰਾਂ ਨੂੰ ਅੱਗ ਲਗਾ ਕੇ ਸਾੜਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਦਲਿਤਾਂ ’ਤੇ ਅੱਤਿਆਚਾਰ ਕਰਨ ਵਾਲੇ ਉਕਤ ‘ਆਪ’ ਸਰਪੰਚ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਪਿੰਡ ਵੇਈਂਪੂੰਈਂ ਵਿਖੇ ਵਾਪਰੀ ਇਹ ਕੋਈ ਪਹਿਲੀ ਘਟਨਾਂ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਜਿਥੇ ਸੱਤਾ ਦੇ ਨਸ਼ੇ ਵਿਚ ਚੂਰ ‘ਆਪ’ ਕਾਰਕੁੰਨਾਂ ਵੱਲੋਂ ਗਰੀਬਾਂ ਤੇ ਦਲਿਤ ਭਾਈਚਾਰੇ ਨਾਲ ਸਬੰਧਤ ਮਜ਼ਲੂਮ ਵਿਅਕਤੀਆਂ ’ਤੇ ਤਸ਼ੱਦਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸੱਤਾਧਾਰੀ ‘ਆਪ’ ਸਰਕਾਰ ਵੱਲੋਂ ਅਜਿਹੀ ਨੀਤੀ ਅਪਣਾਈ ਜਾ ਰਹੀ ਹੈ ਕਿਉਂਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਪਹਿਲਾਂ ਹੀ ‘ਸ਼ਾਮ-ਦਾਮ-ਦੰਢ-ਭੇਦ, ਕੁੱਟਣਾ-ਮਾਰਨਾ’ ਆਦਿ ਦਾ ਪਾਠ ਪੜ੍ਹਾਇਆ ਜਾ ਚੁੱਕਾ ਹੈ ਅਤੇ ਇਸੇ ਤਹਿਤ ‘ਆਪ’ ਕਾਰਕੁੰਨ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਢੋਟੀਆਂ ਵਿਖੇ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਦਲਿਤ ਨੌਜਵਾਨ ਨੂੰ ਘਰ ਬੁਲਾ ਕੇ ਬੇਰਹਿਮੀ ਨਾਲ ਕੁੱਟਣ, ਮਾਰਨ ਦੀ ਘਟਨਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਤੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੀ ਹੈ। ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਘਟੀਆਂ ਕਾਰਵਾਈਆਂ ਦਾ ਜਵਾਬ ਆਗਾਮੀ ਚੋਣਾਂ ਵਿਚ ਪੰਜਾਬ ਦੇ ਲੋਕ ਬਾਖੂਬੀ ਦੇਣਗੇ ਅਤੇ ਆਮ ਆਦਮੀ ਪਾਰਟੀ ਦਾ ਹਮੇਸ਼ਾਂ ਲਈ ਖਾਤਮਾ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਡੀਜੀਪੀ ਤੋਂ ਮੰਗ ਕੀਤੀ ਹੈ ਕਿ ਦਲਿਤ ਤੇ ਮਜ਼ਲੂਮਾਂ ਉੱਤੇ ਅੱਤਿਆਚਾਰ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।