ਸੱਚ ਜਲਦੀ ਸਾਹਮਣੇ ਆਵੇਗਾ, ਇਨਸਾਫ਼ ਲਈ ਲੜਾਂਗੇ : ਸੁਰਿੰਦਰਪਾਲ ਕੌਰ ਭੁੱਲਰ
ਵਿਰੋਧੀਆਂ ’ਤੇ ਵਰ੍ਹੀ ਸੁਰਿੰਦਰਪਾਲ ਕੌਰ ਭੁੱਲਰ, ਕਿਹਾ - ਲਾਲਜੀਤ ਭੁੱਲਰ ਦਾ ਕੰਮ ਬੋਲਦਾ
Publish Date: Fri, 27 Mar 2026 06:00 PM (IST)
Updated Date: Sat, 28 Mar 2026 04:06 AM (IST)

ਵਿਰੋਧੀਆਂ ’ਤੇ ਵਰ੍ਹੀ ਬੀਬਾ ਭੁੱਲਰ, ਕਿਹਾ- ਲਾਲਜੀਤ ਭੁੱਲਰ ਦਾ ਕੰਮ ਬੋਲਦਾ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀ ਪਤਨੀ ਬੀਬਾ ਸੁਰਿੰਦਰਪਾਲ ਕੌਰ ਭੁੱਲਰ ਵੱਲੋਂ ਲਾਈਵ ਆ ਕੇ ਮੀਡੀਆ ਸਾਹਮਣੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ ’ਤੇ ਬਿਨਾਂ ਨਾਮ ਲਏ ਤਿੱਖੇ ਸ਼ਬਦਾਂ ‘ਚ ਹਮਲਾ ਬੋਲਿਆ। ਬੀਬਾ ਸੁਰਿੰਦਰਪਾਲ ਕੌਰ ਭੁੱਲਰ ਨੇ ਕਿਹਾ ਕਿ ਲਾਲਜੀਤ ਭੁੱਲਰ ਦਾ ਪੰਜਾਬ ਤੇ ਹਲਕੇ ਵਿਚ ਕੀਤਾ ਕੰਮ ਆਪ ਬੋਲਦਾ ਹੈ ਤੇ ਹਲਕੇ ਦੇ ਲੋਕਾਂ ਦਾ ਪਿਆਰ ਸਾਡੇ ਨਾਲ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਇਸ ਵੇਲੇ ਮੁਸ਼ਕਿਲ ਘੜੀ ਹੈ, ਪਰ ਲੋਕਾਂ ਦਾ ਸਾਥ ਅਤੇ ਭਰੋਸਾ ਉਨ੍ਹਾਂ ਨੂੰ ਹੌਂਸਲਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਜੱਦੀ ਘਰ ’ਚ ਬੈਠ ਕੇ ਲਗਾਤਾਰ ਲੋਕਾਂ ਨੂੰ ਮਿਲ ਰਹੇ ਹਨ ਤੇ ਲੋਕ ਵੱਡੀ ਗਿਣਤੀ ’ਚ ਆਪਣਾ ਸਮਰਥਨ ਦੇਣ ਲਈ ਪਹੁੰਚ ਰਹੇ ਹਨ। ਲੋਕ ਲਾਲਜੀਤ ਭੁੱਲਰ ਨਾਲ ਦਿਲੋਂ ਪਿਆਰ ਕਰਦੇ ਹਨ ਤੇ ਇਹ ਪਿਆਰ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਸੁਰਿੰਦਰਪਾਲ ਕੌਰ ਭੁੱਲਰ ਨੇ ਵਿਰੋਧੀਆਂ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਰਾਜਨੀਤਕ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਕਿਸੇ ਵੀ ਦਬਾਅ ਅੱਗੇ ਝੁਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸਦਾ ਲੋਕਾਂ ਦੀ ਸੇਵਾ ਕਰਦਾ ਆਇਆ ਹੈ ਤੇ ਇਸ ਤਰ੍ਹਾਂ ਦੇ ਦੋਸ਼ਾਂ ਨਾਲ ਸੱਚ ਨੂੰ ਲੁਕਾਇਆ ਨਹੀਂ ਜਾ ਸਕਦਾ। ਸੱਚ ਜਲਦੀ ਸਾਹਮਣੇ ਆਵੇਗਾ ਤੇ ਅਸੀਂ ਇਨਸਾਫ਼ ਦੀ ਲੜਾਈ ਅੰਤ ਤੱਕ ਲੜਾਂਗੇ। ਉਨ੍ਹਾਂ ਦੇ ਇਸ ਲਾਈਵ ਬਿਆਨ ਤੋਂ ਬਾਅਦ ਸਿਆਸੀ ਹਲਕਿਆਂ ’ਚ ਚਰਚਾ ਹੋਰ ਤੇਜ਼ ਹੋ ਗਈ ਹੈ। ਇਕ ਪਾਸੇ ਸਮਰਥਕ ਉਨ੍ਹਾਂ ਦੇ ਹੱਕ ’ਚ ਖੜ੍ਹੇ ਨਜ਼ਰ ਆ ਰਹੇ ਹਨ, ਜਦਕਿ ਦੂਜੇ ਪਾਸੇ ਵਿਰੋਧੀ ਧਿਰ ਇਸ ਮਾਮਲੇ ’ਚ ਹੋਰ ਸਵਾਲ ਖੜ੍ਹੇ ਕਰ ਰਹੀ ਹੈ।