ਮੈਗਾ ਮਾਪੇ-ਅਧਿਆਪਕ ਮਿਲਣੀ ਅੱਜ, ਐਲਾਨੇ ਜਾਣਗੇ ਨਤੀਜੇ
ਸਰਕਾਰੀ ਸਕੂਲਾਂ ’ਚ ਮੈਗਾ ਮਾਪੇ-ਅਧਿਆਪਕ ਮਿਲਣੀ ਅੱਜ, ਐਲਾਨੇ ਜਾਣਗੇ ਨਤੀਜੇ
Publish Date: Fri, 27 Mar 2026 05:30 PM (IST)
Updated Date: Sat, 28 Mar 2026 04:06 AM (IST)

ਮਾਪਿਆਂ ਨੂੰ ਨਵੇਂ ਵਿੱਦਿਅਕ ਸੈਸ਼ਨ ਬਾਰੇ ਕੀਤਾ ਜਾਵੇਗਾ ਜਾਗਰੂਕ : ਜ਼ਿਲ੍ਹਾ ਸਿੱਖਿਆ ਅਫ਼ਸਰ ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਅੱਜ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ। ਜਿਸ ਦੌਰਾਨ ਵਿਦਿਆਰਥੀਆਂ ਦੀਆਂ ਵਿੱਦਿਅਕ ਪ੍ਰਾਪਤੀਆਂ ਮਾਪਿਆਂ ਨਾਲ ਸਾਂਝੀਆਂ ਕਰਨ ਦੇ ਨਾਲ-ਨਾਲ ਸਲਾਨਾ ਨਤੀਜੇ ਵੀ ਐਲਾਨੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਨੇ ਦੱਸਿਆ ਕਿ ਇਸ ਮਿਲਣੀ ਦਾ ਮੁੱਖ ਉਦੇਸ਼ ਮਾਪਿਆਂ ਨੂੰ ਸਕੂਲ ਦੀਆਂ ਗਤੀਵਿਧੀਆਂ ਨਾਲ ਜੋੜਨਾ ਵੀ ਹੈ। ਸਤਿਨਾਮ ਸਿੰਘ ਬਾਠ ਨੇ ਦੱਸਿਆ ਕਿ ਅੱਜ ਸਵੇਰੇ 8.30 ਤੋਂ ਦੁਪਹਿਰ 12.30 ਵਜੇ ਤੱਕ ਚੱਲਣ ਵਾਲੀ ਇਸ ਮਿਲਣੀ ਦੌਰਾਨ ਪਹਿਲੀ ਤੋਂ ਗਿਆਰ੍ਹਵੀਂ ਜਮਾਤ ਨਾਨ-ਬੋਰਡ ਦੇ ਸਾਲਾਨਾ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਅਧਿਆਪਕਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਦੇ ‘ਹੋਲਿਸਟਿਕ ਰਿਪੋਰਟ ਕਾਰਡ’ ਸੌਂਪੇ ਜਾਣਗੇ, ਜਿਸ ਵਿਚ ਬੱਚੇ ਦੀ ਸਾਲ ਭਰ ਦੀ ਕਾਰਗੁਜ਼ਾਰੀ ਦਾ ਵੇਰਵਾ ਹੋਵੇਗਾ। ਉਨ੍ਹਾਂ ਅਪੀਲ ਕੀਤੀ ਕਿ ਮਾਪੇ ਬੱਚਿਆਂ ਦੇ ਅੰਕਾਂ ਦੀ ਤੁਲਨਾ ਦੂਜਿਆਂ ਨਾਲ ਕਰਨ ਦੀ ਬਜਾਏ ਉਨ੍ਹਾਂ ਦੀ ਆਪਣੀ ਤਰੱਕੀ ’ਤੇ ਧਿਆਨ ਦੇਣ। ਉਨ੍ਹਾਂ ਦੱਸਿਆ ਕਿ ਇਸ ਵਾਰ ਪੀਟੀਐੱਮ ਦੌਰਾਨ ਕਈ ਅਹਿਮ ਵਿਸ਼ਿਆਂ ਤੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। 1 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਦਿਅਕ ਸੈਸ਼ਨ ਲਈ ਬੱਚਿਆਂ ਦੇ ਦਾਖਲੇ ਅਤੇ ਨਿਯਮਤ ਹਾਜਰੀ ਬਾਰੇ ਪ੍ਰੇਰਿਤ ਕੀਤਾ ਜਾਵੇਗਾ। ਬੱਚਿਆਂ ਦੀ ਗੈਰ-ਹਾਜਰੀ ਸਬੰਧੀ ਮਾਪਿਆਂ ਨੂੰ ਮਿਲਣ ਵਾਲੇ ਆਟੋਮੈਟਿਕ ਐੱਸਐੱਮਐੱਸ ਸਿਸਟਮ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 14 ਸਾਲ ਤਕ ਦੀਆਂ ਲੜਕੀਆਂ ਲਈ ਐੱਚਪੀਵੀ ਟੀਕਾਕਰਨ ਅਤੇ ਦਸਵੀਂ ਦੇ ਵਿਦਿਆਰਥੀਆਂ ਲਈ ਹੁਨਰ ਸਿੱਖਿਆ ਬਾਰੇ ਜਾਗਰੂਕਤਾ ਸੈਸ਼ਨ ਲਗਾਏ ਜਾਣਗੇ। ਸਤਿਨਾਮ ਸਿੰਘ ਬਾਠ ਨੇ ਸਮੂਹ ਸਕੂਲ ਮੁਖੀਆਂ ਨੂੰ ਹਿਦਾਇਤ ਕੀਤੀ ਕਿ ਸਕੂਲਾਂ ਵਿਚ ਸਫ਼ਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ ਅਤੇ ਮਾਪਿਆਂ ਦੇ ਬੈਠਣ ਲਈ ਸੁਚੱਜਾ ਇੰਤਜ਼ਾਮ ਹੋਵੇ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ, ਐੱਸਐੱਮਸੀ ਮੈਂਬਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਵੀ ਇਸ ਮਿਲਣੀ ਵਿਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿੱਦਿਅਕ ਮਿਆਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਪਿਆਂ ਦੇ ਸੁਝਾਵਾਂ ਲਈ ਸਕੂਲਾਂ ਵਿਚ ਸੁਝਾਅ ਬਕਸੇ ਵੀ ਰੱਖੇ ਜਾਣਗੇ।