‘ਮਿਸ਼ਨ ਸਮਰੱਥ 3.0’ ਤਹਿਤ ਸਵੈ-ਨਾਮਜ਼ਦ ਸਕੂਲਾਂ ਦਾ ਸਨਮਾਨ ਸਮਾਗਮ
‘ਮਿਸ਼ਨ ਸਮਰੱਥ 3.0’ ਤਹਿਤ ਸਵੈ-ਨਾਮਜ਼ਦ ਸਕੂਲਾਂ ਦਾ ਵਿਸ਼ੇਸ਼ ਸਨਮਾਨ ਸਮਾਗਮ ਹੋਇਆ
Publish Date: Fri, 27 Mar 2026 05:20 PM (IST)
Updated Date: Sat, 28 Mar 2026 04:05 AM (IST)

ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਚਲਾਏ ਜਾ ਰਹੇ ‘ਮਿਸ਼ਨ ਸਮਰੱਥ 3.0’ ਦੇ ਤਹਿਤ ਸ਼ੁੱਕਰਵਾਰ ਨੂੰ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਕੈਰੋਂ ਤਰਨਤਾਰਨ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿਨਾਮ ਸਿੰਘ ਬਾਠ ਦੀ ਅਗਵਾਈ ਹੇਠ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ। ਸਮਾਗਮ ਦੀ ਪ੍ਰਧਾਨਗੀ ਡਾਇਟ ਪ੍ਰਿੰਸੀਪਲ ਮੰਗਤ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਬਲਜਿੰਦਰ ਸਿੰਘ ਅਤੇ ਪ੍ਰਾਇਮਰੀ ਦੇ ਡੀਆਰਸੀ ਅਨੂਪ ਸਿੰਘ ਮੈਣੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਪ੍ਰੋਗਰਾਮ ਦੌਰਾਨ ਅੱਪਰ ਪ੍ਰਾਇਮਰੀ ਬੀਆਰਸੀ ਅਤੇ ਪ੍ਰਾਇਮਰੀ ਬੀਆਰਸੀ ਨੇ ਵੀ ਸ਼ਿਰਕਤ ਕੀਤੀ ਅਤੇ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸਮਾਗਮ ਦਾ ਮੁੱਖ ਉਦੇਸ਼ ਉਨ੍ਹਾਂ 19 ਸਕੂਲਾਂ ਨੂੰ ਸਨਮਾਨਿਤ ਕਰਨਾ ਸੀ, ਜਿਨ੍ਹਾਂ ਨੇ ‘ਮਿਸ਼ਨ ਸਮਰੱਥ 3.0’ ਲਈ ਖ਼ੁਦ ਨੂੰ ਸਵੈ-ਨਾਮਜ਼ਦ ਕੀਤਾ ਸੀ ਅਤੇ ਮਿਸ਼ਨ ਦੇ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰਨ ’ਚ ਮੋਹਰੀ ਭੂਮਿਕਾ ਨਿਭਾਈ। ਇਨ੍ਹਾਂ ਸਕੂਲਾਂ ਵੱਲੋਂ ਬੱਚਿਆਂ ਦੇ ਪੜ੍ਹਨ-ਲਿਖਣ ਤੇ ਬੁਨਿਆਦੀ ਸਿੱਖਿਆ ਦੇ ਪੱਧਰ ’ਚ ਸੁਧਾਰ ਲਿਆਉਣ ਲਈ ਸ਼ਾਨਦਾਰ ਕੰਮ ਕੀਤਾ ਗਿਆ ਹੈ। ਇਸ ਮੌਕੇ ਪ੍ਰਿੰਸੀਪਲ ਮੰਗਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੀਈਓ ਸਤਿਨਾਮ ਸਿੰਘ ਬਾਠ ਦੇ ਨਿਯਮਾਂ ਅਧੀਨ ਜ਼ਿਲ੍ਹੇ ਦੇ ਸਕੂਲਾਂ ਵਿਚ ਮਿਸ਼ਨ ਸਮਰੱਥ ਬਹੁਤ ਹੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਸਨਮਾਨਿਤ ਹੋਏ ਸਕੂਲਾਂ ਦੇ ਮੁਖੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਖ-ਵੱਖ ਬਲਾਕਾਂ ਦੇ ਅਧਿਆਪਕ ਅਤੇ ਡਾਇਟ ਦਾ ਸਮੂਹ ਸਟਾਫ਼ ਹਾਜਰ ਸੀ, ਜਿਨ੍ਹਾਂ ਨੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦਾ ਅਹਿਦ ਲਿਆ।