ਵਰਿਆਂ ਪੁਰਾਣੇ ਤੇ ਵੜਿੰਗ ’ਚ ਹੋਈ ਅਕਾਲੀ ਦਲ ਦੀ ਮੀਟਿੰਗ
ਖਡੂਰ ਸਾਹਿਬ ਹਲਕੇ ਦੇ ਪਿੰਡ ਵਰਿਆਂ ਪੁਰਾਣੇ ਤੇ ਵੜਿੰਗ ’ਚ ਹੋਈ ਅਕਾਲੀ ਦਲ ਦੀ ਮੀਟਿੰਗ
Publish Date: Fri, 27 Mar 2026 05:05 PM (IST)
Updated Date: Sat, 28 Mar 2026 04:03 AM (IST)

ਸਾਬਕਾ ਵਿਧਾਇਕ ਬ੍ਰਹਮਪੁਰਾ ਅਤੇ ਸਾਬਕਾ ਚੇਅਰਮੈਨ ਸ਼ੇਖ ਨੇ ਕੀਤਾ ਸੰਬੋਧਨ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ’ਚ ਸ਼੍ਰੋਮਣੀ ਅਕਾਲੀ ਦਲ ਨੇ ਗਤੀਵਿਧੀਆਂ ਨੂੰ ਤੇਜ਼ ਕੀਤਾ ਹੋਇਆ ਹੈ, ਜਿਸ ਤਹਿਤ ਹਲਕੇ ਦੇ ਪਿੰਡ ਵਰਿਆਂ ਪੁਰਾਣੇ ਤੇ ਵੜਿੰਗ ਵਿਖੇ ਪਾਰਟੀ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਸੰਬੋਧਨ ਕਰਦਿਆਂ ਵਰਕਰਾਂ ਨਾਲ ਪਾਰਟੀ ਦੀ ਮਜ਼ਬੂਤੀ ਸਬੰਧੀ ਵਿਚਾਰ-ਚਰਚਾ ਵੀ ਕੀਤੀ। ਪਿੰਡ ਵਰਿਆਂ ਪੁਾਰਣੇ ਦੇ ਸਾਬਕਾ ਸਰਪੰਚ ਰਵਿੰਦਰ ਸਿੰਘ ਦੇ ਗ੍ਰਹਿ ਵਿਖੇ ਕਰਵਾਈ ਗਈ ਵਰਕਰ ਮਿਲਣੀ ਦੇ ਪ੍ਰੋਗਰਾਮ ’ਚ ਪਹੁੰਚੇ ਬ੍ਰਹਮਪੁਰਾ ਤੇ ਸ਼ੇਖ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਜਿਹੀ ਪਾਰਟੀ ਹੈ, ਜੋ ਪੰਜਾਬ ਦਾ ਭਲਾ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅੱਜ ਤਕ ਸੂਬੇ ਦਾ ਜੋ ਵੀ ਵਿਕਾਸ ਹੋਇਆ, ਉਹ ਸਿਰਫ਼ ਤੇ ਸਿਰਫ਼ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਹੈ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਕਮਰਕੱਸੇ ਕਰ ਲੈਣ, ਕਿਉਂਕਿ 2027 ਦੀਆਂ ਚੋਣਾਂ ’ਚ ਪਾਰਟੀ ਦੀ ਜਿੱਤ ਲਈ ਵਰਕਰਾਂ ਦਾ ਕਾਇਮ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਿ ਅਸੀਂ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਬਾਰੇ ਗੱਲ ਕਰੀਏ ਤਾਂ ਜੋ ਜਨਤਾ ਵੋਟਾਂ ਵੇਲੇ ਸਹੀ ਫੈਸਲਾ ਲੈ ਸਕੇ। ਇਸੇ ਤਰ੍ਹਾਂ ਪਿੰਡ ਵੜਿੰਗ ਵਿਖੇ ਜਗਰੂਪ ਸਿੰਘ ਮੈਂਬਰ ਪੰਚਾਇਤ ਦੇ ਗ੍ਰਹਿ ਵਿਖੇ ਜ਼ੋਨ ਇੰਚਾਰਜ ਦਿਲਬਾਗ ਸਿੰਘ ਦੀ ਅਗਵਾਈ ਹੇਠ ਵਰਕਰ ਮਿਲਣੀ ਕੀਤੀ ਗਈ, ਜਿੱਥੇ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਗੁਰਸੇਵਕ ਸਿੰਘ ਸ਼ੇਖ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਲਗਾਤਾਰ ਚੜ੍ਹਦੀ ਕਲਾ ਵੱਲ ਜਾ ਰਹੀ ਹੈ। ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਦੇ ਕਾਰਜਕਾਲ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੀਆਂ ਸਕੀਮਾਂ ਜਦੋਂ ਵੀ ਪੰਜਾਬ ਵਾਸੀਆਂ ਨੂੰ ਮਿਲੀਆਂ, ਉਹ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਮਿਲੀਆਂ। ਇਸ ਲਈ ਸਾਨੂੰ ਇਕ ਵਾਰ ਫਿਰ ਅਕਾਲੀ ਦਲ ਦੀ ਸਰਕਾਰ ਬਣਾਉਣੀ ਪਵੇਗੀ ਤਾਂ ਜੋ ਪੰਜਾਬ ਤੇ ਇਥੋਂ ਦੇ ਵਾਸੀਆਂ ਦੀ ਭਲਾਈ ਵਾਲੇ ਕੰਮ ਹੋ ਸਕਣ। ਉਨ੍ਹਾਂ ਇਸ ਮੌਕੇ ਵਰਕਰਾਂ ਨੂੰ ਆਪੋ ਆਪਣੇ ਇਲਾਕੇ ਵਿਚ ਪਾਰਟੀ ਦੀਆਂ ਨੀਤੀਆਂ ਨਾਲ ਲੋਕਾਂ ਨੂੰ ਜੋੜਨ ਦੀ ਵੀ ਅਪੀਲ ਕੀਤੀ। ਪਿੰਡ ਵਰਿਆਂ ਪੁਰਾਣੇ ਵਿਖੇ ਦਿਲਬਾਗ ਸਿੰਘ ਜ਼ੋਨ ਇੰਚਾਰਜ, ਗੁਰਦੇਵ ਸਿੰਘ, ਕਾਬਲ ਸਿੰਘ, ਸਵਿੰਦਰ ਸਿੰਘ, ਨਿਰਮਲ ਸਿੰਘ, ਦਿਲਬਾਗ ਸਿੰਘ, ਸਰਬਜੀਤ ਸਿੰਘ, ਹਰਿੰਦਰ ਸਿੰਘ, ਮਿਲਖਾ ਸਿੰਘ ਜਿਥੇ ਮੌਜੂਦ ਸਨ। ਉਥੇ ਹੀ ਪਿੰਡ ਵੜਿੰਗ ਵਿਖੇ ਮੀਟਿੰਗ ਦੌਰਾਨ ਨਿਰਮਲ ਸਿੰਘ, ਬੀਰਾ ਸਿੰਘ ਮੈਂਬਰ, ਅਮਰਜੀਤ ਸਿੰਘ, ਹੀਰਾ ਸਿੰਘ, ਕਾਬਲ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ, ਭਿੰਦਾ ਸਿੰਘ, ਗੁਰਜੰਟ ਸਿੰਘ, ਦਿਲਬਾਗ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ।