ਸਰਹੱਦੀ ਪਿੰਡ ਡੱਲ ’ਚ ਡ੍ਰੋਨ ਰਾਹੀਂ ਸੁੱਟਿਆ ਪਿਸਟਲ ਬਰਾਮਦ
ਸਰਹੱਦੀ ਪਿੰਡ ਡੱਲ ’ਚ ਡ੍ਰੋਨ ਨਾਲ ਸੁੱਟਿਆ ਪਿਸਟਲ ਬਰਾਮਦ
Publish Date: Sat, 21 Mar 2026 08:07 PM (IST)
Updated Date: Sun, 22 Mar 2026 04:16 AM (IST)
ਕੈਪਸ਼ਨ- ਪਿੰਡ ਡੱਲ ਵਿੱਚੋਂ ਬਰਾਮਦ ਹੋਏ ਪਿਸਟਲ ਬਾਰੇ ਜਾਣਕਾਰੀ ਦਿੰਦੇ ਪੁਲਿਸ ਤੇ ਬੀਐੱਸਐੱਫ ਦੇ ਅਧਿਕਾਰੀ।
ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ
ਖਾਲੜਾ : ਤਰਨਤਾਰਨ ਦੇ ਸੈਕਟਰ ਖਾਲੜਾ ਅਧੀਨ ਆਉਂਦੇ ਸਰਹੱਦੀ ਪਿੰਡ ਡੱਲ ਦੇ ਇਕ ਖਾਲੀ ਪਲਾਟ ’ਚ ਪਾਕਿ ਤਸਕਰਾਂ ਵੱਲੋਂ ਡ੍ਰੋਨ ਦੀ ਮਦਦ ਨਾਲ ਸੁੱਟਿਆ ਗਿਆ ਪਿਸਟਲ ਥਾਣਾ ਖਾਲੜਾ ਦੀ ਪੁਲਿਸ ਨੇ ਬੀਐੱਸਐੱਫ ਸਮੇਤ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਬਰਾਮਦ ਕੀਤਾ ਹੈ, ਜਿਸ ਨੂੰ ਕਬਜ਼ੇ ’ਚ ਲੈ ਕੇ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਅਸਲਾ ਤੇ ਭਾਰਤੀ ਵਾਯੂਯਾਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਹੱਥ ਸੂਚਨਾ ਲੱਗੀ ਸੀ ਕਿ ਪਿੰਡ ਡੱਲ ’ਚ ਸੁਖਚੈਨ ਸਿੰਘ ਪੁੱਤਰ ਮੇਵਾ ਸਿੰਘ ਦੇ ਖਾਲੀ ਪਲਾਟ ’ਚ ਪੀਲੇ ਰੰਗ ਦਾ ਪੈਕੇਟ ਡਿੱਗਾ ਹੈ। ਜਿਸ ਕਾਰਨ ਥਾਣਾ ਖਾਲੜਾ ਤੋਂ ਏਐੱਸਆਈ ਬਲਵਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਸਰਹੱਦੀ ਚੌਕੀ ਧਰਮਾ ’ਤੇ ਤਾਇਨਾਤ ਬੀਐੱਸਐੱਫ ਦੀ 142 ਬਟਾਲੀਅਨ ਦੇ ਕੰਪਨੀ ਕਮਾਂਡਰ ਕੇਕੇ ਬ੍ਰਹਮਾ ਤੇ ਉਨ੍ਹਾਂ ਦੇ ਜਵਾਨਾਂ ਸਮੇਤ ਤਲਾਸ਼ੀ ਅਭਿਆਨ ਸ਼ੁਰੂ ਕੀਤਾ, ਜਿਸ ਦੌਰਾਨ ਪੀਲੇ ਰੰਗ ਦਾ ਪੈਕੇਟ ਮਿਲਿਆ, ਜਿਸ ’ਚੋਂ ਚੀਨ ਦਾ ਬਣਿਆ ਕਾਲ 30 ਮਾਰਕੇ ਦਾ ਪਿਸਟਲ ਤੇ ਮੈਗਜ਼ੀਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਫਿਲਹਾਲ ਉਕਤ ਬਰਾਮਦਗੀ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪਰ ਜਲਦੀ ਪਿਸਟਲ ਮੰਗਵਾਉਣ ਵਾਲੇ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।