ਖੇਮਕਰਨ ’ਚ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਪਾਕਿ ਘੁਸਪੈਠੀਆ ਕੀਤਾ ਢੇਰ
ਖੇਮਕਰਨ ’ਚ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਪਾਕਿ ਘੁਸਪੈਠੀਆ ਕੀਤਾ ਢੇਰ
Publish Date: Sat, 21 Mar 2026 07:50 PM (IST)
Updated Date: Sun, 22 Mar 2026 04:14 AM (IST)

ਸੰਦੀਪ ਮਹਿਤਾ, •ਪੰਜਾਬੀ ਜਾਗਰਣ, ਖੇਮਕਰਨ : ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਸੈਕਟਰ ਖੇਮਕਰਨ ’ਚ ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਘੁਸਪੈਠ ਕਰ ਕੇ ਭਾਰਤੀ ਖੇਤਰ ’ਚ ਦਾਖ਼ਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਢੇਰ ਕਰ ਦਿੱਤਾ ਹੈ। ਇਹ ਕਾਰਵਾਈ ਲੰਘੀ ਰਾਤ ਨੂੰ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਘੁਸਪੈਠੀਆ ਭਾਰਤੀ ਖੇਤਰ ’ਚ ਦਾਖ਼ਲ ਹੋਇਆ ਤੇ ਚਿਤਾਵਨੀ ਦੇ ਬਾਵਜੂਦ ਅੱਗੇ ਵਧਣ ਦੀ ਸੂਰਤ ’ਚ ਜਵਾਨਾਂ ਨੇ ਉਸ ਉੱਪਰ ਗੋਲੀ ਚਲਾ ਦਿੱਤੀ। ਜਾਣਕਾਰੀ ਅਨੁਸਾਰ ਬੀਐੱਸਐੱਫ ਦੇ ਜਵਾਨ ਰਾਤ ਨੂੰ ਸਰਹੱਦ ਦੀ ਨਿਗਰਾਨੀ ’ਤੇ ਤਾਇਨਾਤ ਸਨ। ਇਸੇ ਦੌਰਾਨ ਭਾਰਤੀ ਖੇਤਰ ’ਚ ਕੁਝ ਹਲਚਲ ਮਹਿਸੂਸ ਹੋਈ ਤੇ ਸਰਹੱਦ ਪਾਰੋਂ ਇਕ ਵਿਅਕਤੀ ਭਾਰਤੀ ਖੇਤਰ ਵੱਲ ਵਧਦਾ ਦਿਖਾਈ ਦਿੱਤਾ। ਜਿਸ ਤੋਂ ਬਾਅਦ ਜਦੋਂ ਜਵਾਨਾਂ ਨੇ ਉਸ ਨੂੰ ਰੁਕਣ ਦੀ ਚਿਤਾਵਨੀ ਦਿੱਤੀ ਪਰ ਜਦੋਂ ਉਹ ਲਗਾਤਾਰ ਭਾਰਤੀ ਖੇਤਰ ’ਚ ਅੱਗੇ ਵਧਦਾ ਰਿਹਾ ਤਾਂ ਜਵਾਨਾਂ ਨੇ ਉਸ ਨੂੰ ਢੇਰ ਕਰ ਦਿੱਤਾ। ਬੀਐੱਸਐੱਫ ਦੇ ਸੂਤਰਾਂ ਮੁਤਾਬਕ ਮ੍ਰਿਤਕ ਕੋਲੋਂ ਕੋਈ ਸ਼ਨਾਖਤੀ ਦਸਤਾਵੇਜ਼ ਨਹੀਂ ਮਿਲਿਆ ਹੈ। ਹਾਲਾਂਕਿ ਉਸ ਦੀ ਤਲਾਸ਼ੀ 930 ਰੁਪਏ ਦੀ ਪਾਕਿਸਤਾਨੀ ਕਰੰਸੀ ਜ਼ਰੂਰ ਬਰਾਮਦ ਹੋਈ ਹੈ। ਉੱਧਰ, ਥਾਣਾ ਖੇਮਕਰਨ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਧਾਰਾ-194 ਬੀਐੱਨਐੱਨਐੱਸ ਤਹਿਤ ਕਾਰਵਾਈ ਕਰ ਦਿੱਤੀ ਹੈ ਤੇ ਸਿਵਲ ਹਸਪਤਾਲ ਪੱਟੀ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ।