ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਬਾਹਰ ਜੋੜਾ ਘਰ, ਗੱਠੜੀ ਘਰ ਸਮੇਤ ਹੋਰ ਸੇਵਾਵਾਂ ਆਰੰਭ
ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਬਾਹਰ ਜੋੜਾ ਘਰ, ਗੱਠੜੀ ਘਰ ਸਮੇਤ ਹੋਰ ਸੇਵਾਵਾਂ ਆਰੰਭ
Publish Date: Fri, 20 Mar 2026 08:16 PM (IST)
Updated Date: Sat, 21 Mar 2026 04:14 AM (IST)

ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਓਢੀ ਦੇ ਬਾਹਰ ਲਮੇਂ ਸਮੇਂ ਤੋਂ ਖਾਲੀ ਪਈ ਪੁਰਾਣੇ ਦਫਤਰ ਵਾਲੀ ਜਗ੍ਹਾ ’ਤੇ ਸੰਗਤ ਦੀ ਸਹੂਲਤ ਲਈ ਮੋਟਰਸਾਈਕਲ ਤੇ ਸਕੂਟਰ ਸਟੈਂਡ, ਜੋੜਾ ਘਰ, ਗੱਠੜੀ ਘਰ ਅਤੇ ਬਾਥਰੂਮ ਬਨਾਉਣ ਲਈ ਕਾਰ ਸੇਵਾ ਸ਼ੁਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕਾਰ ਸੇਵਾ ਤਰਨਤਾਰਨ ਵੱਲੋਂ ਬਾਬਾ ਮਹਿੰਦਰ ਸਿੰਘ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਅਤੇ ਸੰਗਤ ਦੀ ਹਾਜ਼ਰੀ ਵਿਚ ਟੱਕ ਲਗਾ ਕੇ ਸ਼ੁਰੂਆਤ ਕੀਤੀ ਗਈ। ਇਸ ਤੋਂ ਪਹਿਲਾਂ ਦੀਵਾਨ ਹਾਲ ਵਿਖੇ ਗੁਰਬਾਣੀ ਕੀਰਤਨ ਮਗਰੋਂ ਕਾਰ ਸੇਵਾ ਦੀ ਆਰੰਭਤਾ ਦੀ ਅਰਦਾਸ ਹੋਈ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੰਗਤ ਦੀ ਮੰਗ ਅਨੁਸਾਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਮੁੱਖ ਦਰਸ਼ਨੀ ਡਿਓਢੀ ਦੇ ਬਾਹਰ ਬੇਸਮੈਂਟ ਵਿਚ ਮੋਟਰਸਾਈਕਲ ਤੇ ਸਕੂਟਰ ਸਟੈਂਡ ਤਿਆਰ ਕੀਤਾ ਜਾਵੇਗਾ। ਇਸ ਉੱਪਰ ਜੋੜਾ ਘਰ ਤੇ ਗੱਠੜੀ ਘਰ ਤਿਆਰ ਹੋਵੇਗਾ। ਇਸੇ ਤਰ੍ਹਾਂ ਸੰਗਤਾਂ ਦੀ ਸਹੂਲਤ ਲਈ ਵਾਸ਼ਰੂਮ ਵੀ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਰੇ ਕਾਰਜ ਦੀ ਸੇਵਾ ਬਾਬਾ ਜਗਤਾਰ ਸਿੰਘ, ਬਾਬਾ ਮਹਿੰਦਰ ਸਿੰਘ ਕਾਰ ਸੇਵਾ ਤਰਨਤਾਰਨ ਸਾਹਿਬ ਵਾਲਿਆਂ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਕਈ ਹੋਰ ਗੁਰਦੁਆਰਾ ਸਾਹਿਬਾਨ ਅਤੇ ਅਸਥਾਨਾਂ ਦੀਆਂ ਸੇਵਾਵਾਂ ਸੰਗਤਾਂ ਦੇ ਸਹਿਯੋਗ ਨਾਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਜਗ੍ਹਾ ਦਾ ਕੁੱਲ ਰਕਬਾ 19 ਹਜਾਰ ਸਕੇਅਰ ਫੁੱਟ ਹੈ। ਜਿਸ ਵਿੱਚੋਂ 5 ਹਜ਼ਾਰ ਸਕੇਅਰ ਫੁੱਟ ’ਚ ਬੇਸਮੈਂਟ ਅਤੇ 5500 ਫੁੱਟ ’ਚ ਬਾਥਰੂਮ ਤੇ ਗੱਠੜੀ ਘਰ ਦੀ ਉਸਾਰੀ ਕੀਤੀ ਜਾਵੇਗੀ। ਜਿਸ ਉੱਪਰ ਕਰੀਬ 5 ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ। ਉਨ੍ਹਾਂ ਸੰਗਤਾਂ ਨੂੰ ਗੁਰੂ ਘਰ ਦੀਆਂ ਇਨ੍ਹਾਂ ਸੇਵਾਵਾਂ ਵਿਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ, ਗੁਰਬਖਸ਼ ਸਿੰਘ ਖਾਲਸਾ, ਅਮਰਜੀਤ ਸਿੰਘ ਭਲਾਈਪੁਰ, ਓਐੱਸਡੀ ਸਤਬੀਰ ਸਿੰਘ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਐਕਸੀਅਨ ਸੁਖਜਿੰਦਰ ਸਿੰਘ, ਬਾਬਾ ਕਾਰਜ ਸਿੰਘ, ਬਾਬਾ ਅਵਤਾਰ ਸਿੰਘ ਭੈਲ, ਬਾਬਾ ਰਣਜੀਤ ਸਿੰਘ, ਬਾਬਾ ਅਵਤਾਰ ਸਿੰਘ, ਮੈਨੇਜਰ ਹਰਜਿੰਦਰ ਸਿੰਘ ਪੱਟੀ, ਭਗਵੰਤ ਸਿੰਘ, ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ।