ਕਿਸਾਨਾਂ ਨੂੰ ਕਣਕ ਦਾ ਨਾੜ ਨਾ ਸਾੜਨ ਸਬੰਧੀ ਕੀਤਾ ਜਾ ਰਿਹਾ ਜਾਗਰੂਕ
ਨੁੱਕੜ ਮੀਟਿੰਗਾਂ ਅਤੇ ਸੱਥਾਂ ’ਚ ਜਾ ਕੇ ਕਿਸਾਨਾਂ ਨੂੰ ਕਣਕ ਦਾ ਨਾੜ ਨਾ ਸਾੜਨ ਸਬੰਧੀ ਕੀਤਾ ਜਾ ਰਿਹਾ ਜਾਗਰੂਕ
Publish Date: Fri, 20 Mar 2026 07:50 PM (IST)
Updated Date: Sat, 21 Mar 2026 04:13 AM (IST)

ਕਣਕ ਦੇ ਨਾੜ ਨੂੰ ਜ਼ਮੀਨ ਵਿਚ ਦਬਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ : ਡਾ. ਯਾਦਵਿੰਦਰ ਸਿੰਘ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਡੂਰ ਸਾਹਿਬ : ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮ ਅਨੁਸਾਰ ਹਵਾ ਗੁਣਵੱਤਾ ਇੰਡੈਕਸ ਨੂੰ ਸੁਧਾਰਨ ਦੇ ਮੱਦੇ ਨਜ਼ਰ ਵੱਖ-ਵੱਖ ਵਿਭਾਗਾਂ ਨੂੰ ਵਾਤਾਵਰਨ ਦੀ ਸਾਂਭ-ਸੰਭਾਲ ਵਾਸਤੇ ਉਪਰਾਲੇ ਕਰਨ ਲਈ ਕਿਹਾ ਗਿਆ ਹੈ। ਇਸੇ ਲੜੀ ਤਹਿਤ ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹੇ ਦੇ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਅਤੇ ਸੱਥਾਂ ਵਿਚ ਖਾਸ ਮਾਹੌਲ ਬਣਿਆ ਹੋਇਆ ਹੈ। ਖੇਤੀਬਾੜੀ ਵਿਭਾਗ ਦੇ ਅਫ਼ਸਰ, ਪੰਚਾਇਤ ਮੈਂਬਰ, ਸਰਕਾਰੀ ਨੁਮਾਇੰਦੇ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ ਰੋਜ਼ਾਨਾਂ ਕਿਸਾਨਾਂ ਨੂੰ ਮਿਲ ਰਹੇ ਹਨ। ਮਕਸਦ ਇਕੋ-ਇਕ ਹੈ, ਕਣਕ ਦੀ ਫ਼ਸਲ ਕੱਟਣ ਤੋਂ ਬਾਅਦ ਖੇਤ ਵਿਚ ਰਹਿ ਜਾਣ ਵਾਲੇ ਨਾੜ ਨੂੰ ਅੱਗ ਨਾ ਲਾਉਣਾ। ਡਾ. ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿਚ ਪੰਜਾਬ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਾਫੀ ਕਮੀ ਆਈ ਹੈ। ਪਰ ਅਜੇ ਵੀ ਕੁਝ ਥਾਵਾਂ ’ਤੇ ਇਹ ਸਮੱਸਿਆ ਜਾਰੀ ਹੈ। ਇਸ ਲਈ ਸਰਕਾਰ ਅਤੇ ਵੱਖ-ਵੱਖ ਸੰਸਥਾਵਾਂ ਨੇ ਇਸ ਸਾਲ ਵੀ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਨੁੱਕੜ ਮੀਟਿੰਗਾਂ ਵਿਚ ਕਿਸਾਨਾਂ ਨੂੰ ਸਿੱਧੇ ਤੌਰ ’ਤੇ ਸਮਝਾਇਆ ਜਾ ਰਿਹਾ ਹੈ ਕਿ ਪਰਾਲੀ ਸਾੜਨ ਨਾਲ ਕੀ-ਕੀ ਨੁਕਸਾਨ ਹੁੰਦਾ ਹੈ। ਇਸ ਨਾਲ ਹਵਾ ਵਿਚ ਜ਼ਹਿਰੀਲਾ ਧੂੰਆਂ ਵਧਦਾ ਹੈ, ਜਿਸ ਨਾਲ ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰੀ ਭਾਰਤ ਵਿਚ ਸਾਹ ਦੀਆਂ ਬਿਮਾਰੀਆਂ ਵਧਦੀਆਂ ਹਨ। ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ, ਕਿਉਂਕਿ ਮਿੱਟੀ ਵਿਚ ਮੌਜੂਦ ਜੈਵਿਕ ਪਦਾਰਥ ਅੱਗ ਨਾਲ ਸੜ ਜਾਂਦੇ ਹਨ। ਮੌਸਮੀ ਤਬਦੀਲੀ ਨੂੰ ਹੋਰ ਵਧਾਉਂਦਾ ਹੈ ਅਤੇ ਭਵਿੱਖ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਦਾ ਹੈ। ਸਿਹਤ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਬੱਚਿਆਂ-ਬਜ਼ੁਰਗਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਪੈਂਦੀ ਹੈ। ਇਨ੍ਹਾਂ ਮੀਟਿੰਗਾਂ ਵਿਚ ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਸੁਪਰ ਸੀਡਰ, ਹੈਪੀ ਸੀਡਰ ਅਤੇ ਸਟਰਾਅ ਮੈਨੇਜਮੈਂਟ ਮਸ਼ੀਨਾਂ ਸਬਸਿਡੀ ’ਤੇ ਉਪਲਬੱਧ ਹਨ। ਪਰਾਲੀ ਨੂੰ ਖੇਤ ਵਿਚ ਹੀ ਰਲਾ ਕੇ ਜੈਵਿਕ ਖਾਦ ਬਣਾਈ ਜਾ ਸਕਦੀ ਹੈ। ਪੰਜਾਬ ਸਰਕਾਰ ਨੇ ਸਖ਼ਤੀ ਵੀ ਵਰਤੀ ਹੋਈ ਹੈ। ਜੇਕਰ ਕੋਈ ਕਿਸਾਨ ਪਰਾਲੀ ਸਾੜਦਾ ਹੈ, ਤਾਂ ਉਸ ਦੀ ਜ਼ਮੀਨ ਵਿਚ ਰੈੱਡ ਐਂਟਰੀ ਲੱਗ ਸਕਦੀ ਹੈ, ਐੱਫਆਈਆਰ ਦਰਜ ਹੋ ਸਕਦੀ ਹੈ ਅਤੇ ਹੋਰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਇਸ ਲਈ ਕਿਸਾਨ ਵੀਰੋ! ਆਓ, ਇਸ ਵਾਰ ਵਾਅਦਾ ਕਰੀਏ – ਕਣਕ ਦੀ ਨਾੜ ਨੂੰ ਅੱਗ ਨਹੀਂ ਲਾਵਾਂਗੇ। ਇਸ ਨੂੰ ਧਰਤੀ ਵਿਚ ਵਾਪਸ ਮਿਲਾਵਾਂਗੇ, ਖਾਦ ਬਣਾਵਾਂਗੇ, ਵੇਚਾਂਗੇ ਜਾਂ ਸੁਚੱਜੇ ਢੰਗ ਨਾਲ ਪ੍ਰਬੰਧ ਕਰਾਂਗੇ। ਸਾਫ ਹਵਾ, ਸਿਹਤਮੰਦ ਧਰਤੀ ਅਤੇ ਬਿਹਤਰ ਫ਼ਸਲਾਂ ਸਾਡੇ ਹੱਥ ਵਿਚ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਮਲਜੀਤ ਕੌਰ ਹਾਈਕ ਟੈਕਨੋਲੋਜੀ ਮੈਨੇਜਰ ਗੁਰਪ੍ਰਤਾਪ ਸਿੰਘ, ਧਰਮਵੀਰ ਸਿੰਘ, ਅੰਗਰੇਜ਼ ਸਿੰਘ ਸੁਖਚੈਨ ਸਿੰਘ, ਹਰਪ੍ਰੀਤ ਸਿੰਘ ਅਤੇ ਪਿੰਡ ਦੇ ਕਿਸਾਨ ਹਾਜ਼ਰ ਸਨ। ਕੈਪਸ਼ਨ -