ਸਰਹੱਦੀ ਇਲਾਕੇ ਦੇ ਉਦਯੋਗਿਕ ਵਿਕਾਸ ਲਈ ਲਿਆਂਦਾ ਜਾਵੇਗਾ ਵਿਸ਼ੇਸ਼ ਪੈਕੇਜ਼ : ਸੁਖਬੀਰ ਬਾਦਲ
ਸਰਹੱਦੀ ਇਲਾਕੇ ਦੇ ਉਦਯੋਗਿਕ ਵਿਕਾਸ ਲਈ ਲਿਆਂਦਾ ਜਾਵੇਗਾ ਵਿਸ਼ੇਸ਼ ਪੈਕੇਜ਼- ਸੁਖਬੀਰ ਬਾਦਲ
Publish Date: Fri, 20 Mar 2026 07:41 PM (IST)
Updated Date: Sat, 21 Mar 2026 04:13 AM (IST)

ਸਰਪੰਚ ਅਵਤਾਰ ਸਿੰਘ ਬਿੱਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਕੌਰ ਅਕਾਲੀ ਦਲ ’ਚ ਸ਼ਾਮਲ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਨੂੰ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਹਲਕੇ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਕਈ ਸਰਪੰਚ, ਪੰਚ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਪਾਰਟੀ ’ਚ ਸ਼ਾਮਲ ਹੋ ਗਏ। ਜਿਨ੍ਹਾਂ ਵਿਚ ਸ਼ੇਰੋਂ ਦੇ ਸਰਪੰਚ ਅਵਤਾਰ ਸਿੰਘ ਬਿੱਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਕੌਰ ਅਤੇ ਰਮਨਦੀਪ ਕੌਰ ਤੋਂ ਸੈਂਕੜੇ ਉਨ੍ਹਾਂ ਅਨੇਕਾਂ ਸਮਰਥਕ ਵੀ ਸ਼ਾਮਿਲ ਸਨ। ਇਸ ਮੌਕੇ ਅਕਾਲੀ ਦਲ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਵਿਚ ਵਿਸ਼ਵਾਸ ਪ੍ਰਗਟ ਕਰਨ ’ਤੇ ਇਨ੍ਹਾਂ ਆਗੂਆਂ ਦਾ ਧੰਨਵਾਦ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੰਨੇ ਥੋੜ੍ਹੇ ਸਮੇਂ ਵਿਚ ਹਜ਼ਾਰਾਂ ਲੋਕਾਂ ਦਾ ਇਕੱਤਰ ਹੋਣਾ ਇਹ ਦਰਸਾਉਂਦਾ ਹੈ ਕਿ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਖੇਤਰੀ ਪਾਰਟੀ ’ਤੇ ਕਿੰਨਾ ਵਿਸ਼ਵਾਸ ਹੈ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਸਰਹੱਦੀ ਇਲਾਕੇ ਦੇ ਵਿਕਾਸ ਵਾਸਤੇ ਵਚਨਬੱਧ ਹੈ। ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਰਹੱਦੀ ਪੱਟੀ ਵਾਸਤੇ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਰਹੱਦੀ ਇਲਾਕੇ ਵਿਚ ਉਦਯੋਗਿਕ ਵਿਕਾਸ ਵਾਸਤੇ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਖੇਤੀ ਕਰਦੇ ਕਿਸਾਨਾਂ ਵਾਸਤੇ ਵੱਧ ਮੁਆਵਜ਼ਾ ਦੇਵੇਗੀ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸਰਹੱਦੀ ਪੱਟੀ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਪ੍ਰਦਾਨ ਕੀਤਾ ਜਾਵੇਗਾ। ਜੋ ਉਦਯੋਗਪਤੀ ਇਥੇ ਆਪਣੀਆਂ ਇਕਾਈਆਂ ਸਥਾਪਿਤ ਕਰਨਾ ਚਾਹੁਣਗੇ, ਉਨ੍ਹਾਂ ਨੂੰ 75 ਫੀਸਦੀ ਨੌਕਰੀਆਂ ਪੰਜਾਬੀਆਂ ਵਾਸਤੇ ਰਾਖਵੀਂਆਂ ਕਰਨੀਆਂ ਪੈਣਗੀਆਂ। ਬਾਦਲ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਇਕ ਸਕਿੱਲ ਯੂਨੀਵਰਸਿਟੀ ਸਥਾਪਿਤ ਕਰੇਗੀ ਜਿਸਦਾ ਮਕਸਦ ਉਦਯੋਗਾਂ ਦੀ ਜ਼ਰੂਰਤ ਮੁਤਾਬਕ ਨੌਜਵਾਨਾਂ ਨੂੰ ਹੁਨਰ ਸਿੱਖਲਾਈ ਦੇਣਾ ਹੋਵੇਗਾ। ਇਸ ਮੌਕੇ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ, ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਇੰਚਾਰਜ ਕੰਚਨਪ੍ਰੀਤ ਕੌਰ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।