ਆਸ਼ਾ ਵਰਕਰਾਂ ਰੋਸ ਪ੍ਰਦਰਸ਼ਨ ਚੌਥੇ ਵੀ ਰਿਹਾ ਜਾਰੀ
ਆਸ਼ਾ ਵਰਕਰਜ਼ ਯੂਨੀਅਨ ਸਾਂਝਾ ਮੋਰਚਾ ਪੰਜਾਬ ਦਾ ਰੋਸ ਪ੍ਰਦਰਸ਼ਨ ਚੌਥੇ ਦਿਨ ਵਿਚ ਸ਼ਾਮਿਲ
Publish Date: Fri, 20 Mar 2026 06:48 PM (IST)
Updated Date: Sat, 21 Mar 2026 04:10 AM (IST)

ਗੁਰਪ੍ਰੀਤ ਸਿੰਘ ਕੱਦਗਿੱਲ•, ਪੰਜਾਬੀ ਜਾਗਰਣ, ਤਰਨਤਾਰਨ : ਆਸ਼ਾ ਵਰਕਰਜ਼ ਯੂਨੀਅਨ ਸਾਂਝਾ ਮੋਰਚਾ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਬੀਤੇ ਦਿਨਾਂ ਤੋਂ ਸ਼ੁਰੂ ਕੀਤਾ ਗਿਆ ਰੋਸ ਧਰਨਾ ਸ਼ੁਕਰਵਾਰ ਨੂੰ ਇਥੋਂ ਦੇ ਸਿਵਲ ਹਸਪਤਾਲ ਵਿਖੇ ਚੌਥੇ ਦਿਨ ਵੀ ਜਾਰੀ ਰੱਖਦਿਆਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਆਗੂ ਰਾਜਵਿੰਦਰ ਕੌਰ, ਪ੍ਰਸੰਨ ਕੌਰ, ਮਨਦੀਪ ਕੌਰ ਝਬਾਲ, ਮਨਜੀਤ ਕੌਰ ਗੋਹਲਵੜ੍ਹ, ਸੰਦੀਪ ਕੌਰ ਤਰਨਤਾਰਨ ਨੇ ਕਿਹਾ ਕਿ ਆਸ਼ਾ ਵਰਕਰਜ਼/ ਫੈਸੀਲਿਟੇਟਰਜ ਪਿਛਲੇ 18 ਸਾਲ ਤੋਂ ਬੜੀ ਮਿਹਨਤ ਨਾਲ ਸਿਹਤ ਵਿਭਾਗ ਵਿਚ ਦਿਨ ਰਾਤ ਬਹੁਤ ਹੀ ਨਿਗੁਣੇ ਭੱਤੇ ਤੇ ਘੱਟ ਤਨਖਾਹ ’ਤੇ ਕੰਮ ਕਰ ਰਹੀਆਂ ਹਨ। ਜੋ ਇਕ ਸਰਕਾਰੀ ਵਰਕਰ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹੋਂਦ ਵਿਚ ਆਉਣ ਤੋਂ ਪਹਿਲਾਂ ਆਸ਼ਾ ਵਰਕਰਾਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਦੁੱਗਣੀਆਂ ਕਰਨ ਦਾ ਵਾਅਦਾ ਕੀਤਾ ਸੀ। ਪਰ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਿਰਫ਼ ਲਾਰੇ ਹੀ ਮਿਲੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੇ ਹੱਕ ਵਿਚ ਹੋਕਾ ਦੇਣ ਵਾਲੀ ਸੂਬਾ ਨੇ ਸਿਰਫ਼ ਔਰਤਾਂ ਦੇ ਹੱਕ ਵਿਚ ਲਾਰੇ ਹੀ ਲਾਏ ਹਨ। ਜੇਕਰ ਔਰਤਾਂ ਨੇ ਇਕੱਠਿਆਂ ਹੋ ਕੇ ਆਪਣੇ ਹੱਕਾਂ ਦੀ ਮੰਗ ਕੀਤੀ ਤਾਂ, ਉਨ੍ਹਾਂ ’ਤੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਬੀਤੇ ਦਿਨ ਸੰਗਰੂਰ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਔਰਤਾਂ ’ਤੇ ਕੀਤੇ ਤਸ਼ੱਦਦ ਦੀ ਸਖਤ ’ਚ ਵਿਚ ਨ੍ਹਿੰਦਿਆ ਕੀਤੀ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਜਿਸ ਤਰ੍ਹਾਂ ਗੁਆਂਢੀ ਸੂਬਿਆਂ ਵਿਚ ਆਸ਼ਾ ਵਰਕਰ ਨੂੰ ਤਨਖਾਹਾਂ ਮਿਲ ਰਹੀਆਂ ਹਨ, ਉਸੇ ਤਰਜ ’ਤੇ ਸੂਬਾ ਸਰਕਾਰ ਸਾਨੂੰ ਵੀ ਤਨਖਾਹਾਂ ਦੇ ਕੇ ਸਾਡੀਆਂ ਮੰਗਾਂ ਵੱਲ ਜਲਦ ਧਿਆਨ ਦੇਵੇ। ਆਸ਼ਾ ਵਰਕਰਾਂ ਦੀ ਸੇਵਾ ਮੁਕਤੀ ਮੌਕੇ ਉਨ੍ਹਾਂ ਨੂੰ ਬਾਕੀ ਮੁਲਾਜ਼ਮਾਂ ਦੀ ਤਰ੍ਹਾਂ ਫੰਡ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ 28 ਮਾਰਚ ਤਕ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਮੀਟਿੰਗ ਨਾ ਕੀਤੀ ਜਾਂ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਾ ਦਿੱਤਾ, ਤਾਂ ਸਮੁੱਚੀਆਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਵੱਡੇ ਪੱਧਰ ’ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨੀਲੂ ਝਬਾਲ, ਰੂਪਵਿੰਦਰ ਕੌਰ, ਪਰਮਜੀਤ ਕੌਰ ਮਾਲੂਵਾਲ, ਪ੍ਰਭਜੀਤ ਕੌਰ, ਰਾਜਵਿੰਦਰ ਕੌਰ ਮਾਣੋਚਾਹਲ, ਜਗਦੀਸ਼ ਕੌਰ ਬਹਿਲਾ, ਪੂਨਮ ਤਰਨਤਾਰਨ, ਪੱਲਵੀ, ਰਾਜ ਸ਼ਰਮਾ ਪੰਜਵੜ੍ਹ, ਗੁਰਪ੍ਰੀਤ ਕੌਰ ਵਾਂ, ਕੰਵਲਜੀਤ ਕੌਰ ਤਰਨਤਾਰਨ, ਅਮਰਜੀਤ ਕੌਰ ਮੰਨਣ, ਸਿੰਦਰਪਾਲ ਕੌਰ ਕੱਦਗਿਲ, ਦਵਿੰਦਰ ਕੌਰ, ਪੂਨਮ ਕੁਮਾਰੀ ਤਰਨਤਾਰਨ ਆਦਿ ਆਗੂ ਹਾਜ਼ਰ ਸਨ।